ਚੰਡੀਗੜ, 25 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵੱਲੋਂ ਕੱਲ ਨਵੀਂ ਦਿੱਲੀ ਦੇ ਰਾਜਪਥ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ-2018 ਮੌਕੇ ਆਪਣੇ ਵੱਲੋਂ ਪੇਸ਼ ਕੀਤੀ ਜਾਣ ਵਾਲੀ ਝਾਕੀ ਵਿਚ ‘ਸੰਗਤ ਤੇ ਪੰਗਤ’ ਦੀ ਵਿਚਾਰਧਾਰਾ ਨੂੰ ਰੂਪਮਾਨ ਕਰਨ ਦੇ ਨਾਲ ਹੀ ਇਸ ਦੇ ਸੁਨੇਹੇ ਨੂੰ ਵੱਖੋ-ਵੱਖ ਧਰਮਾਂ ਦੇ ਲੋਕਾਂ ਤੱਕ ਵੀ ਲਿਜਾਇਆ ਜਾਵੇਗਾ। ਇਸ ਵਿਚਾਰਧਾਰਾ ਦੀ ਅਜੋਕੇ ਯੁੱਗ ਵਿੱਚ ਪ੍ਰਾਸੰਗਿਕਤਾ ਹੋਰ ਵੀ ਵਧ ਜਾਂਦੀ ਹੈ ਜਦੋਂਕਿ ਲੋਕਾਈ ਆਪਾਮਾਰੂ ਝਗੜਿਆਂ ਦੀ ਸ਼ਿਕਾਰ ਹੈ। ਅਜਿਹੇ ਸਮੇਂ ਇਹ ਵਿਚਾਰਧਾਰਾ ਸ਼ਾਂਤੀਪੂਰਵਕ ਢੰਗ ਨਾਲ ਰਹਿਣ ਅਤੇ ਸਾਰੀ ਮਨੁੱਖਤਾ ਨੂੰ ਇੱਕ ਸਮਝਣ ਦੀ ਸ਼ਾਨਦਾਰ ਮਿਸਾਲ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਝਾਕੀ ਵਿੱਚ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਮੁਤਾਬਿਕ ਸਮੁੱਚੀ ਲੋਕਾਈ ਦੇ ਇੱਕ ਹੋਣ ਨੂੰ ਦਰਸਾਇਆ ਜਾਵੇਗਾ। ਇਸ ਝਾਕੀ ਵਿਚ ਇਹ ਦਿਖਾਇਆ ਜਾਵੇਗਾ ਕਿ ਕਿਵੇਂ ਇਨਸਾਨੀਅਤ ਦੇ ਉੱਚੇ ਤੇ ਸੁੱਚੇ ਅਸੂਲਾਂ ਅਨੁਸਾਰ ਸੰਗਤ (ਲੋਕਾਂ ਦਾ ਇਕੱਠ) ਬਿਨਾਂ ਕਿਸੇ ਧਰਮ, ਜਾਤ, ਲਿੰਗ, ਨਸਲ ਜਾਂ ਰੰਗ ਦੇ ਭੇਦਭਾਵ ਤੋਂ ਇਕੱਠਿਆਂ ਪੰਗਤ (ਇਕ ਕਤਾਰ) ਵਿਚ ਬੈਠ ਕੇ ਲੰਗਰ ਛਕਦੀ ਹੈ।
ਹੋਰ ਵੇਰਵੇ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਇਸ ਝਾਕੀ ਦੇ ਮੂਹਰਲੇ ਹਿੱਸੇ (ਟਰੈਕਟਰ) ਵਿਚ ਇਹ ਵੀ ਬਾਖੂਬੀ ਦਰਸਾਇਆ ਜਾਵੇਗਾ ਕਿ ਕਿਵੇਂ ਪੂਰਨ ਸ਼ਰਧਾ ਭਾਵਨਾ ਨਾਲ ‘ਲੰਗਰ’ ਤਿਆਰ ਕੀਤਾ ਜਾਂਦਾ ਹੈ ਅਤੇ ਟ੍ਰੇਲਰ ਹਿੱਸੇ ਵਿਚ ਸੰਗਤ ਨੂੰ ਲੰਗਰ ਛਕਦੇ ਹੋਏ ਵਿਖਾਇਆ ਜਾਵੇਗਾ। ‘ਸੰਗਤ ਤੇ ਪੰਗਤ’ ਦੀ ਇਹ ਨਿਵੇਕਲੀ ਵਿਚਾਰਧਾਰਾ ਸਿੱਖ ਧਰਮ ਦਾ ਧੁਰਾ ਹੈ ਅਤੇ 15ਵੀਂ ਸਦੀ ਤੋਂ ਇਨਸਾਨੀਅਤ ਨੂੰ ਮਾਰਗਦਰਸ਼ਨ ਦਿੰਦੀ ਆ ਰਹੀ ਹੈ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ‘ਲੰਗਰ’ ਪ੍ਰਥਾ ਸ਼ੁਰੂ ਕੀਤੀ ਅਤੇ ਇਹ ਪ੍ਰਥਾ ਇਕ ਵਿਚਾਰਧਾਰਾ ਦਾ ਰੂਪ ਧਾਰਣ ਕਰਦੀ ਹੋਈ ਸਾਰੀ ਲੋਕਾਈ ਨੂੰ ਅਮਨ, ਫਿਰਕੂ ਸਦਭਾਵਨਾ ਅਤੇ ਇਕ ਸਮਾਨਤਾ ਦੀਆਂ ਨੈਤਿਕ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਲਈ ਪ੍ਰੇਰਦੀ ਆ ਰਹੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਮੁਗਲ ਬਾਦਸ਼ਾਹ ਅਕਬਰ ਨੂੰ ਵੀ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਪ੍ਰਥਾ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਸੰਗਤ ਨਾਲ ਪੰਗਤ ਵਿਚ ਆਮ ਆਦਮੀ ਵਾਂਗ ਬੈਠ ਕੇ ਲੰਗਰ ਛਕਣਾ ਪਿਆ ਸੀ ।
ਸੰਗਤ ਤੇ ਪੰਗਤ ਦੀ ਇਹ ਵਿਚਾਰਧਾਰਾ ਆਪਸੀ ਵਿਸ਼ਵਾਸ, ਸਭਨਾਂ ਲਈ ਰਹਿਮ, ਸ਼ਾਂਤੀਪੂਰਵਕ ਇਕ-ਦੂਜੇ ਨਾਲ ਰਹਿਣਾ ਅਤੇ ਫਿਰਕੂ ਸਦਭਾਵਨਾ ਦਾ ਸੁਨੇਹਾ ਦਿੰਦੀ ਆ ਰਹੀ ਹੈ ਜੋ ਕਿ ਮਹਾਨ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਧੁਰਾ ਹੈ।
ਇਸ ਝਾਕੀ ਦੇ ਪਿਛਲੇ ਹਿੱਸੇ ਵਿਚ ਸ਼ਬਦ ‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਦਾ ਕੀਰਤਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਵੱਲੋਂ ਕੀਤਾ ਗਿਆ ਹੈ।