ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਖੂਨਦਾਨੀ ਬਲਜੀਤ ਸ਼ਰਮਾ ਰਾਜ ਪੱਧਰੀ ਸਮਾਗਮ ’ਚ ਹੋਣਗੇ ਸਨਮਾਨਿਤ
ਚੰਡੀਗੜ੍ਹ, 8ਅਕਤੂਬਰ(ਵਿਸ਼ਵ ਵਾਰਤਾ) ਖੂਨਦਾਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਵੈਇੱਛਕ ਖੂਨਦਾਨੀ ਬਲਜੀਤ ਸ਼ਰਮਾ ਨੂੰ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦੇ ਪਟਿਆਲਾ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਸਮੇਂ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਸਨਮਾਨਿਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ਭਗਵਾਨ ਪਰਸ਼ੂਰਾਮ ਸੰਘ ਕੀਰਤਨ ਮੰਡਲ ਦੇ ਸਕੱਤਰ ਕਮਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੰਡਲ ਦੇ ਪ੍ਰਧਾਨ ਬਲਜੀਤ ਸ਼ਰਮਾ ਲੰਬੇ ਸਮੇਂ ਤੋਂ ਖੂਨਦਾਨ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾ ਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਗਰੀਬ ਮਰੀਜ਼ਾਂ ਲਈ ਦਵਾਈਆਂ, ਲੋੜਵੰਦ ਪਰਿਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਵੀ ਕਰਦੇ ਹਨ। ਉਨ੍ਹਾਂ ਹੁਣ ਤੱਕ 130 ਵਾਰ ਖੁਦ ਖੂਨਦਾਨ ਕਰਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਹੈ।
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਹਰ ਸਾਲ ਰਾਜ ਪੱਧਰੀ ਸਮਾਗਮ ਕਰਕੇ 100 ਵਾਰ ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਸਵੈਇੱਛਕ ਖੂਨਦਾਨੀਆਂ, ਖੂਨਦਾਨ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ । ਇਸੇ ਲੜੀ ਤਹਿਤ 10 ਅਕਤੂਬਰ ਨੂੰ ਪਟਿਆਲਾ ਦੇ ਪਾਮ ਕੋਟਸ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਮੌਕੇ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਬਲਜੀਤ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਨਗੇ।