ਖਹਿਰਾ ਨੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਪਰਿਵਾਰਾਂ ਨੂੰ ਦਿੱਤੀ ਮਾਲੀ ਸਹਾਇਤਾ 

840
Advertisement


ਚੰਡੀਗੜ, 16 ਸਤੰਬਰ (ਵਿਸ਼ਵ ਵਾਰਤਾ)- ਪੀੜਿਤ ਕਿਸਾਨ ਖੇਤ ਮਜਦੂਰ ਬਚਾਓ ਮੁਹਿੰਮ ਦੇ ਦੂਜੇ ਪੜਾਅ ਵਿਚ ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਵਿਖੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਸਹਾਇਤਾ ਨਾਲ ਕੁੱਲ 7 ਪਰਿਵਾਰਾਂ ਨੂੰ ਇਕ ਸਮੇਂ ਦੀ ਮਾਲੀ ਸਹਾਇਤਾ ਦੇ ਅਧੀਨ 50-50 ਹਜਾਰ ਰੁਪਏ ਅਤੇ 20 ਪਰਿਵਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੀ ਪੈਨਸ਼ਨ ਦਿੱਤੀ ਗਈ ਹੈ ਜੋ ਕਿ ਅਗਲੇ 5 ਸਾਲਾਂ ਤੱਕ ਜਾਰੀ ਰਹੇਗੀ।
ਖਹਿਰਾ ਕਿਹਾ ਕਿ ਇਸ ਮੁਹਿੰਮ ਦਾ ਅਗਾਜ ਬਠਿੰਡਾ, ਮਾਨਸਾ ਖੇਤਰ ਵਿਚ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਕੇ ਕੀਤਾ ਗਿਆ ਸੀ। ਉਨਾਂ ਕਿਹਾ ਕਿ ਇਹ ਸਮੇਂ ਦੀ ਮੁੱਖ ਮੰਗ ਹੈ ਕਿ ਸਰਕਾਰਾਂ ਵਲੋਂ ਰੱਬ ਦੀ ਦਯਾ ‘ਤੇ ਛੱਡੇ ਕਿਸਾਨਾਂ ਨੂੰ ਸੰਯੁਕਤ ਹੀਲੇ ਕਰਕੇ ਬਚਾਇਆ ਜਾਵੇ।
ਖਹਿਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਹਰ ਪ੍ਰਕਾਰ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਸਰਕਾਰ ਬਣਨ ਤੋਂ ਬਾਅਦ ਉਹ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਉਨਾਂ ਕਿਹਾ ਕਿ ਹੁਣ ਜਦੋਂ ਕਾਂਗਰਸੀ ਆਗੂ ਗੁਰਦਾਸਪੁਰ ਚੋਣਾਂ ਦੌਰਾਨ ਲੋਕਾਂ ਕੋਲੋਂ ਵੋਟਾਂ ਮੰਗਣ ਆਉਣਗੇ ਤਾਂ ਉਹ ਕੈਪਟਨ ਦੁਆਰਾ ਕੀਤਾ ਵਾਅਦਾ ਉਨਾਂ ਨੂੰ ਯਾਦ ਦਿਵਾਉਣ। ਉਨਾਂ ਕਿਹਾ ਕਿ ਕੈਪਟਨ ਵਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਇਕ ਇਕਰਾਰਨਾਮਾ ਸੀ ਅਤੇ ਉਸ ਤੋਂ ਭੱਜਣਾ ਲੋਕਾਂ ਨਾਲ ਬੇਇਨਸਾਫੀ ਕਰਨ ਬਰਾਬਰ ਹੈ ਜਿਸ ਲਈ ਕਾਂਗਰਸ ਤੋਂ ਸਵਾਲ ਪੁਛਣਾ ਲਾਜਮੀ ਬਣਦਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਮ੍ਰਿਤਕ ਕਿਸਾਨ ਦੇ ਬਿਆਨ ‘ਤੇ ਆੜਤੀ ਖਿਲਾਫ ਮੁਕਦਮਾ ਦਰਜ ਕੀਤਾ ਜਾ ਸਕਦਾ ਹੈ ਤਾਂ ਕੈਪਟਨ ਖਿਲਾਫ ਅਜਿਹਾ ਕਿਉਂ ਨਹੀਂ ਜਦੋਂ ਕਿ ਕਰੀਬ 5 ਕਿਸਾਨਾਂ ਨੇ ਆਪਣੇ ਖੁਦਕੁਸ਼ੀ ਪੱਤਰ ਵਿਚ ਕੈਪਟਨ ਨੂੰ ਆਪਣੀ ਮੌਤ ਲਈ ਜਿੰਮੇਦਾਰ ਕਰਾਰ ਦਿੱਤਾ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਰਕਾਰ ਨੇ ਸਲਾਨਾ ਬਜਟ ਵਿਚ ਕਿਸਾਨਾਂ ਦੇ ਇਕ ਲੱਖ ਕਰੋੜ ਰੁਪਏ ਦੇ ਕਰਜ਼ ਦੇ ਮੁਕਾਬਲੇ ਕਰਜਾ ਮੁਆਫੀ ਲਈ ਸਿਰਫ 1500 ਕਰੋੜ ਰੁਪਏ ਰੱਖ ਕੇ ਉਨਾਂ ਨਾਲ ਭੱਦਾ ਮਜਾਕ ਕੀਤਾ ਹੈ। ਉਨਾਂ ਕਿਹਾ ਕਿ ਇਸੇ ਤੋਂ ਦੁਖੀ ਹੋ ਕੇ ਕੈਪਟਨ ਸਰਕਾਰ ਦੇ 6 ਮਹੀਨਿਆਂ ਦੇ ਰਾਜ ਦੌਰਾਨ ਕਰੀਬ 250 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ। ਖਹਿਰਾ ਨੇ ਕਿਸਾਨ ਜੱਥੇਬੰਦੀਆਂ ਵਲੋਂ ਕੈਪਟਨ ਦੇ ਖਿਲਾਫ 22 ਅਗਸਤ ਤੋਂ ਸੂਬੇ ਭਰ ਵਿਚ ਸ਼ੁਰੂ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨਾਂ ਦਾ ਵੀ ਸਮਰਥਨ ਕੀਤਾ।

Advertisement

LEAVE A REPLY

Please enter your comment!
Please enter your name here