ਕੰਨੀ ਦਾ ਕਿਆਰਾ ਹੈ ਪੁਆਧ – ਗੁਰਭਜਨ ਗਿੱਲ
ਪਿੰਡਾਂ ਚ ਅਕਸਰ ਸੁਣਦੇ ਸਾਂ ਕਿ ਕੰਨੀ ਦਾ ਕਿਆਰਾ ਹਮੇਸ਼ਾਂ ਸੁੱਕਾ ਹੀ ਰਹਿ ਜਾਂਦਾ ਹੈ। ਉਦੋਂ ਖੂਹਾਂ ਦੀ ਖੇਤੀ ਹੁੰਦੀ ਹੁੰਦੀ ਸੀ। ਬੌਲਦ ਵੀ ਵਗਦੇ ਵਗਦੇ ਥੱਕ ਹਾਰ ਜਾਂਦੇ ਸਨ। ਪਾਣੀ ਦਾ ਨਿਕਾਲ ਨਹੀਂ ਸੀ ਪਹੁੰਚਦਾ ਕੰਨੀ ਦੇ ਕਿਆਰੇ ਤੀਕ। ਵਾਹੀਵਾਨ ਅਕਸਰ ਕਹਿੰਦੇ ਨਿਕਾਲ ਮਰ ਗਿਆ।
ਦੇਸ਼ ਵਿੱਚ ਲਕੀਰ ਪਈ ਤਾਂ ਪੰਜਾਬ ਲੱਕੋਂ ਚੀਰਿਆ ਗਿਆ। ਪੰਜਾਬ ਦੀ ਮਾਣਮੱਤੀ ਰਾਜਧਾਨੀ ਲਾਹੌਰ ਓਧਰ ਰਹਿ ਗਈ। ਪੰਜਾਬ ਯੂਨੀਵਰਸਿਟੀ ਵੀ।
ਪੰਜਾਬ ਨੂੰ ਰਾਜਧਾਨੀ ਨਵੀਂ ਘੜਨੀ ਪਈ। ਪੰਜਾਬ ਉਦੋਂ ਚੋਖਾ ਵੱਡਾ ਸੀ। ਪੂਰਾ ਹਿਮਾਚਲ ਸਣੇ ਹਰਿਆਣਾ ਪੰਜਾਬ ਹੀ ਤਾਂ ਸੀ।
ਲਾਲਚੀ ਸਿਆਸਤਦਾਨਾਂ ਨੇ ਇਸ ਦੇ ਟੁਕੜੇ ਕਰਵਾ ਲਏ ਕੁਰਸੀ ਦੇ ਲਾਲਚ ਨੂੰ। ਪੰਜਾਬੀ ਜ਼ਬਾਨ ਵੰਡੀ ਤੇ ਵੱਢੀ ਗਈ। ਕਦੇ ਧਰਮਸਾਲਾ ਚ ਦਲੀਪ ਕੌਰ ਟਿਵਾਣਾ ਪੜ੍ਹਾਉੰਦੀ ਸੀ ਤੇ ਮਹਿੰਦਰਗੜ੍ਹ ਵਿੱਚ ਮਹਿੰਦਰ ਸਿੰਘ ਚੀਮਾ। ਹੁਣ ਸ਼ੰਭੂ ਤੇ ਨਾਰਾਇਣਗੜ੍ਹ ਤੋਂ ਅੱਗੇ ਪੰਜਾਬੀ ਧਰਤੀ ਖਤਮ।
ਪੁਆਧ ਖਿੱਤੇ ਦੇ ਕਿੰਨੇ ਪਿੰਡ ਉਜਾੜ ਕੇ ਕੇਂਦਰ ਵਿੱਚ ਚੰਡੀਗੜ੍ਹ ਵਸਾਇਆ। ਪੱਥਰਾਂ ਦਾ ਸ਼ਹਿਰ। ਬੇਸਲੂਕਾ। ਕਿਸੇ ਘਰ ਦਾ ਦੂਜੇ ਵੱਲ ਮੂੰਹ ਨਹੀਂ, ਪਿੱਠਾਂ ਜੁੜਦੀਆਂ ਨੇ। ਬੇ ਹੁੰਗਾਰਾ ਸ਼ਹਿਰ। ਜਿਹੋ ਜਹੇ ਆਲ਼ੇ ਉਹੋ ਜਹੇ ਕੁੱਜੇ। ਨਿੱਕੇ ਨੰਬਰ ਵਾਲੇ ਸੈਕਟਰਾਂ ਚ ਦੌਲਤ ਨਾਲ ਆਫ਼ਰੇ ਲੋਕ। ਉਥੇ ਵੱਸਦੇ ਕਿਸੇ ਬੱਚੇ ਨੂੰ ਪੁੱਛੀਏ, ਬਈ ਕਾਕਾ ਕੀ ਕਰਦੈਂ?
ਜੁਆਬ ਮਿਲਦੈ ਦੋ ਸੈਕਟਰ। ਅੱਗੋਂ ਆਪੇ ਹਿਸਾਬ ਲਾ ਲਉ।
ਇਸ ਸ਼ਹਿਰ ਦੇ ਵੱਸਣ ਵੇਲੇ ਉੱਜੜੇ ਪੁਆਧੀ ਪਿੰਡਾਂ ਦੀ ਪੀੜ ਬਿਆਨੀ ਹੈ ਮੇਰੇ ਵੱਡੇ ਵੀਰ ਮਨਮੋਹਨ ਸਿੰਘ ਦਾਊਂ ਨੇ। ਤਰਲੋਚਨ ਸਿੰਘ ਪੱਤਰਕਾਰ ਵੀ ਚਿਰੋਕਣਾ ਇਸ ਪੀੜ ਦਾ ਬਖਾਨ ਕਰ ਰਿਹੈ। ਪੁਆਧੀ ਰਹਿਤਲ ਨੂੰ ਪੱਥਰਾਂ ਦੀ ਘੇਰਾ ਖਾ ਗਿਆ। ਜ਼ਮੀਨ ਇੰਚਾਂ ਚ ਵਿਕਦੀ ਹੈ ਇਥੇ। ਨਾਲ ਹੀ ਚਾਅ ਵੀ ਟੁਕੜੇ ਟੁਕੜੇ। ਗੀਤ ਤੇ ਨਾਚ ਟੋਟੋ ਟੋਟੇ, ਲੀਰਾਂ ਲੀਰਾਂ।
ਮਨਮੋਹਨ ਸਿੰਘ ਦਾਊਂ ਨੇ ਇਹ ਕਿਤਾਬ ਮੌਲਿਕ ਰੂਪ ਚ ਪੰਜਾਬੀ ਚ ਲਿਖੀ ਸੀ ਪਰ ਹੁਣ ਇਸ ਨੂੰ ਅਮਰੀਕਾ ਵੱਸਦੇ ਵੀਰ ਡਾਃ ਸੀ ਐੱਸ ਸੇਖੋਂ ਨੇ ਅੰਗਰੇਜ਼ੀ ਵਿੱਚ ਅਨੁਵਾਦ ਕੀਤੈ। ਯੂਨੀਸਟਾਰ ਨੇ ਇਸ ਨੂੰ ਪ੍ਰਕਾਸ਼ਿਤ ਕੀਤੈ।
ਮੁਬਾਰਕ ਅਣਗਾਹੇ, ਅਣਵੇਖੇ ਦ੍ਰਿ਼ਸ਼ ਵਿਖਾਉਣ ਲਈ।