ਕੌਣ ਹੋਵੇਗਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ?
ਅੱਜ ਵਿਧਾਇਕ ਦਲ ਦੀ ਬੈਠਕ ‘ਚ ਹੋਵੇਗਾ ਫੈਸਲਾ
ਵਿਸ਼ਣੂਦੇਵ ਸਾਈਂ ਬਣੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ
ਚੰਡੀਗੜ੍ਹ,11ਦਸੰਬਰ(ਵਿਸ਼ਵ ਵਾਰਤਾ)- ਮੱਧ ਪ੍ਰਦੇਸ਼ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਇਸ ਦਾ ਫੈਸਲਾ ਅੱਜ ਲਿਆ ਜਾਵੇਗਾ। ਬਾਅਦ ਦੁਪਹਿਰ 3.50 ਵਜੇ ਭੋਪਾਲ ਸਥਿਤ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਜਿਸ ਵਿੱਚ ਸੂਬੇ ਦੇ ਨਵੇਂ ਮੁਖੀ ਦੇ ਨਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਦੱਸ ਦਈਏ ਕਿ ਅੱਜ ਹੋਣ ਵਾਲੀ ਮੀਟਿੰਗ ਵਿੱਚ ਸੁਪਰਵਾਈਜ਼ਰ ਮਨੋਹਰ ਲਾਲ ਖੱਟਰ (ਸੀ.ਐਮ. ਹਰਿਆਣਾ), ਡਾ: ਕੇ. ਲਕਸ਼ਮਣ (ਰਾਸ਼ਟਰੀ ਪ੍ਰਧਾਨ, ਭਾਜਪਾ ਓਬੀਸੀ ਮੋਰਚਾ) ਅਤੇ ਆਸ਼ਾ ਲਾਕੜਾ (ਰਾਸ਼ਟਰੀ ਸਕੱਤਰ ਭਾਜਪਾ) ਵੀ ਹਾਜ਼ਰ ਹੋਣਗੇ। ਭਾਜਪਾ ਨੇ ਵਿਧਾਇਕਾਂ ਨੂੰ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੂਚਨਾ ਦਿੱਤੀ ਹੈ। ਸਾਰੇ ਵਿਧਾਇਕ ਅੱਜ ਦੁਪਹਿਰ 1 ਵਜੇ ਤੱਕ ਭਾਜਪਾ ਦਫ਼ਤਰ ਪਹੁੰਚ ਜਾਣਗੇ। ਮੀਡੀਆ ਰੂਮ ਵਿੱਚ ਵਿਧਾਇਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਵਿਧਾਇਕਾਂ ਲਈ ਇੱਥੇ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਰਜਿਸਟ੍ਰੇਸ਼ਨ ਅਤੇ ਦੁਪਹਿਰ ਦਾ ਖਾਣਾ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਹੋਵੇਗਾ। 3:30 ਵਜੇ ਤੋਂ ਵਿਧਾਇਕ ਦਲ ਦੀ ਗਰੁੱਪ ਫੋਟੋ ਹੋਵੇਗੀ। ਵਿਧਾਇਕ ਦਲ ਦੀ ਬੈਠਕ ਦੁਪਹਿਰ 3:50 ਵਜੇ ਸ਼ੁਰੂ ਹੋਵੇਗੀ। ਵਿਧਾਇਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੇ ਗੰਨਮੈਨਾਂ ਅਤੇ ਸੁਰੱਖਿਆ ਕਰਮੀਆਂ ਨੂੰ ਆਪਣੇ ਦਫ਼ਤਰਾਂ ਵਿੱਚ ਦਾਖ਼ਲ ਨਾ ਹੋਣ ਦੇਣ। ਨਾਲ ਹੀ ਮੀਟਿੰਗ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਛੱਤੀਸਗੜ੍ਹ ਦਾ ਨਵਾਂ ਮੁੱਖ ਮੰਤਰੀ ਵਿਸ਼ਨੂੰਦੇਵ ਸਾਈਂ ਨੂੰ ਬਣਾਇਆ ਗਿਆ ਹੈ। ਰਾਏਪੁਰ ‘ਚ ਭਾਜਪਾ ਦੇ ਸੂਬਾ ਦਫ਼ਤਰ ‘ਚ ਵਿਧਾਇਕ ਦਲ ਦੀ ਹੋਈ ਬੈਠਕ ‘ਚ ਉਹਨਾਂ ਦੇ ਨਾਮ ਤੇ ਮੋਹਰ ਲਗਾਈ ਗਈ। ਜਿਸ ਤੋਂ ਬਾਅਦ ਸਾਈਂ ਨੇ ਰਾਜ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।