ਮਾਨਸਾ, 26 ਮਾਰਚ: (ਵਿਸ਼ਵ ਵਾਰਤਾ) ਮਾਨਸਾ ਪੁਲਿਸ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਨਿਭਾਈ ਜਾ ਰਹੀ ਭੂਮਿਕਾ ਬਾਰੇ ਗੱਲਬਾਤ ਕਰਦਿਆਂ ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਹੁਣ ਤੱਕ ਮਾਨਸਾ ਵਿਚ 85 ਫ਼ੀਸਦੀ ਤੋਂ ਜਿ਼ਆਦਾ ਪੁਲਿਸ ਫੋਰਸ ਵੱਲੋਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਜਾ ਚੁੱਕੀ ਹੈ ਅਤੇ ਬਾਕੀ 12 ਫ਼ੀਸਦੀ ਪੁਲਿਸ ਮੁਲਾਜ਼ਮ ਮੈਡੀਕਲ ਕਾਰਨ ਕਰਕੇ ਹਾਲੇ ਵੈਕਸੀਨ ਨਹੀਂ ਲਗਵਾ ਸਕੇ।ਇਸ ਤੋਂ ਇਲਾਵਾ 60 ਫ਼ੀਸਦੀ ਪੁਲਿਸ ਮੁਲਾਜ਼ਮਾਂ ਵੱਲੋਂ ਦੂਜੀ ਡੋਜ਼ ਵੀ ਲਗਵਾਈ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ ਢਾਈ ਹਜ਼ਾਰ ਮਾਸਕਾਂ ਦੀ ਵੰਡ ਕੀਤੀ ਗਈ ਅਤੇ ਕੋਰੋਨਾ ਸਾਵਧਾਨੀਆਂ ਪ੍ਰਤੀ ਲਾਪਰਵਾਹੀ ਵਰਤਣ ਵਾਲੇ 600 ਵਿਅਕਤੀਆਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ 2200 ਲੋਕਾਂ ਦੇ ਕੋਵਿਡ ਟੈਸਟ ਵੀ ਕਰਵਾਏ ਗਏ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਐਸ.ਐਸ.ਪੀ. ਨੇ ਦੱਸਿਆ ਕਿ ਪਿਛਲੇ ਸਾਲ ਲੋਕਾਂ ਨੇ ਲਾਕਡਾਊਨ ਦਾ ਨੁਕਸਾਨ ਝੱਲਿਆ ਹੈ। ਜਿਸ ਵਿਚ ਕੀਮਤੀ ਜਾਨਾਂ ਤਾਂ ਗਈਆਂ ਹੀ ਨੇ, ਇਸ ਦੇ ਨਾਲ ਹੀ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ ਹੈ।ਉਨ੍ਹਾਂ ਕਿਹਾ ਕਿ ਇਸ ਵਕਫ਼ੇ ਦੌਰਾਨ ਲੋਕ ਕੋਰੋਨਾ ਤੋਂ ਬਚਾਅ ਅਤੇ ਇਸ ਮਹਾਂਮਾਰੀ ਦੀ ਚੇਨ ਨੂੰ ਤੋੜਨ ਸਬੰਧੀ ਵਰਤੀਆਂ ਜਾਣ ਵਾਲੀਆਂ ਸਿਹਤ ਸਾਵਧਾਨੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਉਂ ਜੋ ਹੁਣ ਕੋਰੋਨਾ ਦਾ ਫੈਲਾਅ ਫੇਰ ਤੋਂ ਵਧ ਰਿਹਾ ਹੈ, ਇਸ ਨੂੰ ਵੇਖਦੇ ਹੋਏ ਪਿਛਲੇ ਸਾਲ ਦੀ ਤਰ੍ਹਾਂ ਹੁਣ ਵੀ ਭੀੜ ਭੜੱਕੇ ਵਾਲੀਆਂ ਥਾਵਾਂ ਤੋਂ ਪਰਹੇਜ਼ ਕੀਤਾ ਜਾਵੇ, ਮਾਸਕ ਪਹਿਨ ਕੇ ਰੱਖਿਆ ਜਾਵੇ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਫ ਕੀਤਾ ਜਾਵੇ।
ਉਨ੍ਹਾਂ ਦੁਕਾਨਦਾਰਾਂ ਨੂੰ ਖਾਸ ਤੌਰ *ਤੇ ਅਪੀਲ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਦਾ ਲੋਕਾਂ ਨਾਲ ਸੰਪਰਕ ਜਿ਼ਆਦਾ ਰਹਿੰਦਾ ਹੈ। ਇਸ ਲਈ ਉਨ੍ਹਾਂ ਨੂੰ ਖਾਸ ਤੌਰ *ਤੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਵੱਲੋਂ ਲਗਾਤਾਰ ਮੁਨਾਦੀ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਲੋਕਾਂ ਦੇ ਸਹਿਯੋਗ ਸਦਕਾ ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਸੁਚੱਜੇ ਢੰਗ ਨਾਲ ਲੜੀ ਗਈ ਹੈ, ਅੱਗੇ ਵੀ ਉਹ ਲੋਕਾਂ ਤੋਂ ਸਹਿਯੋਗ ਦੀ ਉਮੀਦ ਕਰਦੇ ਹਨ ਤਾਂ ਜੋ ਰਲ ਮਿਲ ਕੇ ਇਸ ਜੰਗ ਵਿਚ ਫਤਿਹ ਹਾਸਲ ਕੀਤੀ ਜਾ ਸਕੇ।