ਕੋਚਿੰਗ ਕਲਾਸਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਆਖਰੀ ਮਿਤੀ 20 ਅਪ੍ਰੈਲ-ਏ ਡੀ ਸੀ ਅਮਿਤ ਸਰੀਨ
ਨਵਾਂਸ਼ਹਿਰ, 13 ਅਪ੍ਰੈਲ(ਵਿਸ਼ਵ ਵਾਰਤਾ)-ਵਧੀਕ ਡਿਪਟੀ ਕਮਿਸ਼ਨਰ (ਯੂ.ਡੀ.)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼ਹੀਦ ਭਗਤ ਸਿੰਘ ਨਗਰ, ਮੇਜਰ ਅਮਿਤ ਸਰੀਨ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਿਕਟ ਭਵਿੱਖ ਵਿੱਚ ਭਰੀਆਂ ਜਾਣ ਵਾਲੀਆਂ ਲਗਭਗ 20,000 ਤੋਂ 25,000 ਅਸਾਮੀਆਂ ਦੇ ਸਬੰਧ ਵਿੱਚ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਇੰਸਪੈਕਟਰ ਲੈਵਲ (ਫੂਡ ਸਪਲਾਈ ਇੰਸਪੈਕਟਰ, ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ, ਮਾਰਕੀਟ ਕਮੇਟੀ ਇੰਸਪੈਕਟਰ ਅਤੇ ਸਹਾਇਕ ਦੇ ਲਈ ਹੋਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਫਰੀ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ, ਸੰਜੀਵ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਚਿੰਗ ਕਲਾਸਾਂ ਬਿਲਕੁਲ ਮੁਫ਼ਤ ਹਨ ਅਤੇ ਇਨ੍ਹਾਂ ਕੋਚਿੰਗ ਕਲਾਸਾਂ ਵਿੱਚ ਭਾਗ ਲੈਣ ਲਈ ਘੱਟੋ-ਘੱਟ ਯੋਗਤਾ ਗ੍ਰੈਜੂਏਸ਼ਨ ਹੈ। ਇਨ੍ਹਾਂ ਕੋਚਿੰਗ ਕਲਾਸਾਂ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਲਈ ਆਖਰੀ ਮਿਤੀ 20 ਅਪਰੈਲ 2022 ਹੈ। ਚਾਹਵਾਨ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਉਕਤ ਨਿਰਧਾਰਿਤ ਮਿਤੀ ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।