ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ‘ਚ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੌਕੇ ‘ਤੇ ਜਾ ਕੇ ਲਿਆ ਜਾਇਜ਼ਾ

72
Advertisement

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਪਟਿਆਲਾ ‘ਚ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੌਕੇ ‘ਤੇ ਜਾ ਕੇ ਲਿਆ ਜਾਇਜ਼ਾ
-ਪਿੰਡ ਅਬਲੋਵਾਲ ਵਿਖੇ ਡੇਅਰੀ ਪ੍ਰੋਜੈਕਟ ਦਾ ਕੀਤਾ ਦੌਰਾ, ਨਾਭਾ ਰੋਡ ਤੋਂ ਡੇਅਰੀ ਪ੍ਰੋਜੈਕਟ ਨੂੰ ਆਉਂਦੀ ਸੜਕ ਨੂੰ ਚੌੜਾ ਕਰਨ ਲਈ ਕਿਹਾ
-ਫੁਲਕੀਆਂ ਇਨਕਲੈਵ ਦੇ ਬਾਹਰ ਬਰਸਾਤਾਂ ਦੇ ਮੌਸਮ ‘ਚ ਖੜਦੇ ਪਾਣੀ ਦੇ ਸਥਾਈ ਹੱਲ ਲਈ ਰੀਚਾਰਜਿੰਗ ਖੂਹ ਬਣਾਏ ਜਾਣਗੇ : ਡਾ. ਬਲਬੀਰ ਸਿੰਘ
-ਸਰਕਾਰੀ ਪ੍ਰੈਸ ਦੇ ਸਾਹਮਣੇ ਬਣੇਗਾ ਪਾਰਕ, ਓਪਨ ਜਿੰਮ, ਸੈਰ ਲਈ ਟਰੈਕ ਤੇ ਯੋਗ ਕਰਨ ਲਈ ਵੱਖਰਾ ਸਥਾਨ : ਕੈਬਨਿਟ ਮੰਤਰੀ
-ਫੈਕਟਰੀ ਏਰੀਏ ‘ਚ ਬਰਸਾਤੀ ਪਾਣੀ ਦੀ ਸਹੀ ਨਿਕਾਸੀ ਲਈ ਰੀਚਾਰਜਿੰਗ ਵੇਲ ਬਣਾਉਣ ਦੀ ਹਦਾਇਤ
-ਫੈਕਟਰੀ ਏਰੀਏ ਦੇ ਕੋਲੋ ਲੰਘਦੇ ਬਧੇ ਦੇ ਨਾਲ ਬਣ ਰਹੇ ਡੇੜ ਕਿਲੋਮੀਟਰ ਲੰਮੇ ਪਾਰਕ ‘ਚ ਟਰੈਕ, ਖੇਡ ਮੈਦਾਨ ਤੇ ਬੱਚਿਆਂ ਲਈ ਝੁੱਲੇ ਲਗਾਏ ਜਾਣਗੇ : ਡਾ. ਬਲਬੀਰ ਸਿੰਘ

ਪਟਿਆਲਾ, 14 ਮਈ (ਵਿਸ਼ਵ ਵਾਰਤਾ):- ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ‘ਚ ਚੱਲ ਰਹੇ ਵੱਖ ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਗੌਤਮ ਜੈਨ ਤੇ ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਅਬਲੋਵਾਲ ਵਿਖੇ ਡੇਅਰੀ ਪ੍ਰੋਜੈਕਟ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾਭਾ ਰੋਡ ਤੋਂ ਡੇਅਰੀ ਪ੍ਰੋਜੈਕਟ ਨੂੰ ਆਉਣ ਵਾਲੀ ਸੜਕ ਦੀ ਚੌੜਾਈ ਨੂੰ ਵਧਾਇਆ ਜਾਵੇ ਤਾਂ ਜੋ ਵੱਡੇ ਵਾਹਨਾਂ ਨੂੰ ਆਉਣ ‘ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਉਥੇ ਬਣੀ ਡਿਸਪੈਂਸਰੀ, ਸਟਾਫ਼ ਦੇ ਕਮਰਿਆਂ, ਗਊਸ਼ਾਲਾ ਤੇ ਗੋਬਰ ਗੈਸ ਪਲਾਂਟ ‘ਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਥੇ ਬਣ ਰਹੀ ਗਊਸ਼ਾਲਾ ‘ਚ ਗਊਆਂ ਨੂੰ ਕੁਦਰਤੀ ਵਾਤਾਵਰਣ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਇਥੇ ਕੁੱਲ 134 ਪਲਾਟ ਹਨ ਜਿਨ੍ਹਾਂ ‘ਚੋਂ 60 ਦੇ ਕਰੀਬ ਪਲਾਟਾਂ ਦੀ ਅਲਾਟਮੈਂਟ ਕੀਤੀ ਜਾ ਚੁੱਕੀ ਹੈ ਤੇ ਡੇਅਰੀ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਜਾਰੀ ਹੈ।
ਪਟਿਆਲਾ ਦੀ ਫੁਲਕੀਆ ਇਨਕਲੈਵ ਦੇ ਤ੍ਰਿਪੜੀ ਵਾਲੇ ਪਾਸੇ ਬਰਸਾਤਾਂ ਦੇ ਮੌਸਮ ‘ਚ ਖੜਦੇ ਪਾਣੀ ਦਾ ਸਥਾਈ ਹੱਲ ਕਰਨ ਲਈ ਡਾ. ਬਲਬੀਰ ਸਿੰਘ ਨੇ ਮੌਕੇ ‘ਤੇ ਜਾ ਕੇ ਕੰਮ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਇਥੇ ਛੇ ਰੀਚਾਰਜਿੰਗ ਖੂਹ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤ ਦੇ ਪਾਣੀ ਦੀ ਸਹੀ ਵਰਤੋਂ ਕਰਦੇ ਹੋਏ ਇਸ ਨੂੰ ਰੀਚਾਰਜਿੰਗ ਵੇਲ ਰਾਹੀਂ ਧਰਤੀ ਹੇਠ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਨੂੰ ਸੀਵਰੇਜ ‘ਚ ਪਾਉਣਾ ਸਹੀ ਨਹੀਂ ਹੈ ਤੇ ਬੋਰ ਵੀ ਕੋਈ ਸਥਾਈ ਹੱਲ ਨਹੀਂ ਹਨ ਇਸ ਲਈ ਰਵਾਇਤੀ ਤਕਨੀਕ ਦੀ ਵਰਤੋਂ ਕਰਦੇ ਹੋਏ ਰੀਚਾਰਜਿੰਗ ਵੇਲ ਬਣਾਏ ਜਾਣ ਤੇ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਉਨ੍ਹਾਂ ਦੀ ਸਫ਼ਾਈ ਕਰ ਲਈ ਜਾਵੇ ਤਾਂ ਇਥੇ ਬਰਸਾਤੀ ਪਾਣੀ ਖੜਨ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ। ਉਨ੍ਹਾਂ ਨਗਰ ਨਿਗਮ ਤੇ ਪੀ.ਡੀ.ਏ ਨੂੰ ਇਸ ਸਬੰਧੀ ਪ੍ਰੋਜੈਕਟ ਬਣਾਉਣ ਦੀ ਹਦਾਇਤ ਕੀਤੀ।
ਡਾ. ਬਲਬੀਰ ਸਿੰਘ ਨੇ ਸਰਕਾਰੀ ਪ੍ਰਿਟਿੰਗ ਪ੍ਰੈਸ ਦੇ ਨਾਲ ਉਪਕਾਰ ਨਗਰ ‘ਚ ਬਣ ਰਹੇ ਪਾਰਕ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਾਰਕ ‘ਚ ਸੈਰ ਲਈ ਟਰੈਕ, ਓਪਨ ਜਿੰਮ, ਫੂਡ ਕੋਰਟ, ਯੋਗ ਕਰਨ ਲਈ ਵੱਖਰਾ ਸਥਾਨ ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਫੈਕਟਰੀ ਏਰੀਏ ਦੇ ਉਨ੍ਹਾਂ ਸਥਾਨਾਂ ਦਾ ਦੌਰਾ ਵੀ ਕੀਤਾ ਜਿਥੇ ਬਰਸਾਤੀ ਪਾਣੀ ਦੀ ਸਮੱਸਿਆ ਰਹਿੰਦੀ ਹੈ ਤੇ ਅਧਿਕਾਰੀ ਨੂੰ ਉਥੇ ਰੀਚਾਰਜਿੰਗ ਵੇਲ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਫੈਕਟਰੀ ਏਰੀਏ ਨੇੜੇ ਬੰਧੇ ਦੇ ਨਾਲ ਬਣ ਰਹੇ ਪਾਰਕ ਦਾ ਦੌਰਾ ਕਰਦਿਆਂ ਕਿਹਾ ਕਿ ਡੇੜ ਕਿਲੋਮੀਟਰ ਦੇ ਕਰੀਬ ਲੰਮੇ ਇਸ ਪਾਰਕ ‘ਚ ਸੈਰ ਲਈ ਟਰੈਕ ਸਮੇਤ ਬੱਚਿਆਂ ਲਈ ਝੁੱਲੇ ਵੀ ਲਗਾਏ ਜਾਣਗੇ। ਉਸ ਉਪਰੰਤ ਉਨ੍ਹਾਂ ਫੋਕਲ ਪੁਆਇੰਟ ਵੀ ਨਗਰ ਨਿਗਮ ਦੇ ਐਮ.ਆਰ.ਐਫ ਦਾ ਦੌਰਾ ਕੀਤਾ ਅਤੇ ਇਥੇ ਸੋਲਿਡ ਵੈਸਟ ਤੋਂ ਬਣਨ ਵਾਲੀ ਖਾਦ ਦੇ ਪਲਾਟ ਦਾ ਜਾਇਜ਼ਾ ਲਿਆ।
ਇਸ ਮੌਕੇ ਜਸਬੀਰ ਸਿੰਘ ਗਾਂਧੀ, ਗੱਜਨ ਸਿੰਘ, ਬਲਵਿੰਦਰ ਸੈਣੀ, ਮਨਪ੍ਰੀਤ ਸਿੰਘ, ਜਗਦੀਪ ਸਿੰਘ ਜੱਗਾ, ਅਮਰਜੀਤ ਸਿੰਘ ਭਾਟੀਆ, ਆਰ ਪੀ ਐਸ ਮਲਹੋਤਰਾ, ਹਰੀਚੰਦ ਬਾਂਸਲ, ਲਾਲ ਸਿੰਘ, ਬੀ ਐਸ ਗੁਰਮ, ਸੁਖਦੇਵ ਸਿੰਘ,ਚਰਨਜੀਤ ਸਿੰਘ ਐਸ ਕੇ, ਸੁਖਜਿੰਦਰ ਸਿੰਘ, ਰਵਿੰਦਰ ਸਿੰਘ ਰਵੀ, ਗੁਰਕਿਰਪਾਲ ਸਿੰਘ, ਨੀਰਜ ਰਾਣੀ, ਪਰਮਜੀਤ ਕੌਰ, ਗੌਰਵ ਵੀ ਮੌਜੂਦ ਸਨ।

Advertisement