ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
ਪਿਛਲੇ 70 ਸਾਲਾਂ ਤੋਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕਾਂ ਦੀ ਹਰ ਲੋੜ ਨੂੰ ਪੂਰਾ ਕਰੇਗੀ ਪੰਜਾਬ ਸਰਕਾਰ: ਅਮਨ ਅਰੋੜਾ
ਸੁਨਾਮ ਊਧਮ ਸਿੰਘ ਵਾਲਾ,19ਫਰਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਨਾਂ ਕਿਸੇ ਭੇਦ ਭਾਵ ਤੋਂ ਨਿਰਪੱਖਤਾ ਨਾਲ ਸੂਬੇ ਦਾ ਸਰਵ ਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਹਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਦੇ ਵਾਰਡ ਨੰਬਰ 15 ਵਿਖੇ ਕਰੀਬ 36 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਿਛਲੇ 70 ਸਾਲਾਂ ਤੋਂ ਬੁਨਿਆਦੀ ਸੁਵਿਧਾਵਾਂ ਤੋਂ ਵਾਂਝੇ ਰਹਿਣ ਨੂੰ ਮਜਬੂਰ ਸਨ ਪਰ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਬਣਦਿਆਂ ਹੀ ਸੂਬੇ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਪ੍ਰੋਜੈਕਟਾਂ ਦੀ ਝੜੀ ਲਗਾ ਦਿੱਤੀ ਗਈ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਸੁਨਾਮ ਹਲਕੇ ਵਿੱਚ ਵੱਡੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਜੋ ਕਿ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਤੋਂ ਬਾਅਦ ਲੋਕਾਂ ਨੂੰ ਜਲਦੀ ਹੀ ਸਮਰਪਿਤ ਕਰ ਦਿੱਤੇ ਜਾਣਗੇ।
ਭਾਈ ਮੂਲ ਚੰਦ ਸਮਾਧ ਦੇ ਨੇੜੇ ਵਾਰਡ ਨੰਬਰ 15 ਦੀ ਬਾਬਾ ਗੰਗਾ ਰਾਮ ਕਲੋਨੀ ਵਿੱਚ ਬਣਨ ਵਾਲੀ ਇਸ ਸੜਕ ਦਾ ਨਿਰਮਾਣ ਸ਼ੁਰੂ ਕਰਵਾਉਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਰਸਤਾ ਪਿਛਲੇ ਕਰੀਬ ਢਾਈ ਦਹਾਕੇ ਤੋਂ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਵੱਲੋਂ ਦਿੱਤੇ ਭਾਰੀ ਪਿਆਰ ਅਤੇ ਸਤਿਕਾਰ ਸਦਕਾ ਹੁਣ ਹਰ ਉਸ ਵਾਅਦੇ ਨੂੰ ਪੂਰਾ ਕਰਨਾ ਹੈ ਜੋ ਚੋਣਾਂ ਸਮੇਂ ਕੀਤਾ ਗਿਆ ਸੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਵਿਖੇ 1 ਕਰੋੜ 87 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਅਤੇ ਟਰੈਕ ਜਦਕਿ ਕਰੀਬ 49 ਲੱਖ ਰੁਪਏ ਦੀ ਲਾਗਤ ਵਾਲੇ ਵਾਕਿੰਗ ਟਰੈਕ ਤੋਂ ਇਲਾਵਾ ਬਹੁ ਕਰੋੜੀ ਲਾਗਤ ਵਾਲੇ ਅਨੇਕਾਂ ਕੰਮ ਸੁਨਾਮ ਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ ਤਰਜੀਹੀ ਆਧਾਰ ਉੱਤੇ ਕਰਵਾਏ ਜਾ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਿਰਮਾਣ ਕਾਰਜਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵਿੱਚ ਜਤਿੰਦਰ ਜੈਨ, ਕੌਂਸਲਰ ਆਸ਼ਾ ਬਜਾਜ, ਸੁਨੀਲ ਕੁਮਾਰ ਆਸ਼ੂ, ਸੰਨੀ ਕਾਂਸਲ, ਹਰਮੇਸ਼ ਪੱਪੀ, ਗੁਰਤੇਜ ਸਿੰਘ ਨਿੱਕਾ, ਸੰਜੀਵ ਸੰਜੂ , ਮਨੀ ਸਰਾਓ, ਨਰਿੰਦਰ ਠੇਕੇਦਾਰ, ਸੁਮਨ, ਹਰਸ਼ਦੀਪ ਜੋਸ਼ੀ, ਕੰਨਿਆ ਕੁਮਾਰ, ਈ ਓ ਅੰਮ੍ਰਿਤ ਲਾਲ ਵੀ ਸ਼ਾਮਲ ਸਨ।