ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਆਲ ਇੰਡੀਆ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ
ਸੰਗਰੂਰ, 17 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਅੱਜ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਕਲੱਬ ਮਸਤੂਆਣਾ ਸਾਹਿਬ ਵਿਖੇ 8ਵੇਂ ਆਲ ਇੰਡੀਆ ਸ਼੍ਰੀ ਨਰਾਇਣ ਸ਼ਰਮਾ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪ੍ਰਬੰਧਕਾਂ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਇਹ ਸ਼ਾਨਦਾਰ ਉਪਰਾਲਾ ਹੈ ਕਿਉਂਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਵਾਲੀਬਾਲ ਟੂਰਨਾਮੈਂਟ ਵਿਚ ਸ਼ਾਮਿਲ ਹੋਣ ਪਹੁੰਚੇ ਵੱਖ ਵੱਖ ਰਾਜਾਂ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਅਤੇ ਭਵਿੱਖ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ। ਸ੍ਰੀ ਅਮਨ ਅਰੋੜਾ ਨੇ ਇਹ ਵੀ ਦੱਸਿਆ ਕਿ ਆਉਂਦੀ 4 ਅਤੇ 5 ਫਰਵਰੀ ਨੂੰ ਲੌਂਗੋਵਾਲ ਵਿਖੇ ਉਨ੍ਹਾਂ ਦੇ ਪਿਤਾ ਜੀ ਦੀ ਯਾਦ ਵਿੱਚ ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਨਾਮ ਸੁਪਰ ਲੀਗ ਕਰਵਾਈ ਜਾ ਰਹੀ ਹੈ ਜਿਸ ਵਿਚ ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਖੇਡ ਹੀਰਿਆਂ ਦੀ ਤਲਾਸ਼ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ। ਉਨ੍ਹਾਂ ਸੁਪਰ ਲੀਗ, ਜੋ ਕਿ ਖੇਡਾਂ ਹਲਕਾ ਸੁਨਾਮ ਦੀਆਂ ਤਹਿਤ ਕਰਵਾਈ ਜਾਣੀ ਹੈ, ਵਿੱਚ ਵੱਧ ਤੋਂ ਵੱਧ ਟੀਮਾਂ ਨੂੰ ਭਾਗ ਲੈਣ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਦੋ ਰੋਜ਼ਾ ਖੇਡ ਟੂਰਨਾਮੈਂਟ ਵਿਚ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਆਏ ਲੜਕਿਆਂ ਤੇ ਲੜਕੀਆਂ ਦੀਆਂ 6-6 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਵਿਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖਿਡਾਰੀ ਵੀ ਸ਼ਾਮਲ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਟੂਰਨਾਮੈਂਟ ਹਰ ਸਾਲ ਵਾਲੀਬਾਲ ਕੋਚ ਸਵ. ਸ੍ਰੀ ਨਰਾਇਣ ਸ਼ਰਮਾ ਦੀ ਯਾਦ ਵਿੱਚ ਉਨ੍ਹਾਂ ਦੇ ਸਿਖਿਆਰਥੀਆਂ ਵਲੋਂ ਕਰਵਾਇਆ ਜਾਂਦਾ ਹੈ। ਉਦਘਾਟਨ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ, ਜਸਪਾਲ ਸਿੰਘ ਸਿੱਧੂ, ਸੁੱਖ ਸਾਹੋਕੇ, ਕਾਲਾ ਬਡਰੁੱਖਾਂ, ਹਰਪਾਲ ਸਿੰਘ ਬਡਰੁੱਖਾਂ, ਹਰਮਿੰਦਰ ਪਾਲ ਸਿੰਘ, ਗਗਨਦੀਪ, ਹਰਪ੍ਰੀਤ ਕੌਰ, ਬਲਜਿੰਦਰ ਕੌਰ ਆਦਿ ਵੀ ਹਾਜ਼ਰ ਸਨ।