- ਰਾਜ ਮਾਰਗਾਂ ਦੁਵਾਲਿਓਂ ਦਰਖਤਾਂ ਨੂੰ ਕੱਟਣ ਦਾ ਮਾਮਲਾ ਐਨ.ਜੀ.ਟੀ. ਕੋਲ ਉਠਾਉਣ ਲਈ ਸਹਿਮਤੀ
ਚੰਡੀਗੜ, 18 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਹਾਣਾ-ਲਾਂਡਰਾਂ-ਚੁੰਨੀ ਸੜਕ ਦੇ ਪਸਾਰ ਲਈ ਤੁਰੰਤ23 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਹਨ। ਇਸੇ ਦੌਰਾਨ ਹੀ ਉਨਾਂ ਨੇ ਸੂਬੇ ਵਿੱਚ ਸਾਰੇ ਲੰਬਿਤ ਪਏ ਵਿਕਾਸ ਪ੍ਰੋਜੈਕਟਾਂ ਨੂੰ ਫੌਰੀ ਮੁਕੰਮਲ ਕਰਨ ਲਈ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਇਮਾਰਤਾਂ ਅਤੇ ਸੜਕਾਂ ਦੇ ਕੰਮ-ਕਾਜ ਅਤੇ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਭਰੋਸਾ ਦਵਾਇਆ ਕਿ ਵਿਕਾਸ ਕਾਰਜਾਂ ਲਈ ਸਾਰੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਣਗੇ। ਉਨਾਂ ਨੇ ਵਿੱਤ ਵਿਭਾਗ ਨੂੰ ਲਾਂਡਰਾਂ ਜੰਕਸ਼ਨ ਦੇ ਬਾਰੇ ਲੋੜੀਂਦੇ ਫੰਡ ਉਪਲਬਧ ਕਰਾਉਣ ਲਈ ਆਖਿਆ ਹੈ।
ਇੰਜੀਨੀਅਰਿੰਗ ਵਿਭਾਗ ਨੂੰ ਨਵਿਆਉਣ ਲਈ ਮਿਆਰ ਨਿਯੰਤਰਣ ਵਿਧੀ-ਵਿਧਾਨ ਨੂੰ ਮਜ਼ਬੂਤ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸੂਬੇ ਵਿੱਚ ਸਾਰੀਆਂ ਇੰਜੀਨੀਅਰਿੰਗ ਪ੍ਰਕਿਰਿਆਵਾਂ ਦੀ ਖਰੀਦੋ-ਫਰੋਖਤ ਅਤੇ ਸੰਗਠਿਤੀਕਰਨ ਵਿੱਚ ਵਾਧਾ ਕਰਨ ਲਈ ਸਮਰੱਥਾ ਨਿਰਮਾਣ ਬਾਰੇ ਵਿਸ਼ਵ ਬੈਂਕ ਦੀ ਧਾਰਨਾ ਰਿਪੋਰਟ ਦੀਆਂ ਕੁਝ ਸੰਭਾਵਨਾਵਾਂ ਦਾ ਅਧਿਅਨ ਕਰਨ ਲਈ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਹੈ।
ਮੁੱਖ ਮੰਤਰੀ ਨੇ ਰਾਜ ਮਾਰਗਾਂ ’ਤੇ ਦਰਖਤਾਂ ਨੂੰ ਕੱਟਣ ਸਬੰਧੀ ਸੂਬੇ ਦੇ ਨੋਟੀਫਿਕੇਸ਼ਨ ’ਤੇ ਵੀ ਮੁੜ ਝਾਤ ਮਾਰਨ ਲਈ ਸਹਿਮਤੀ ਪ੍ਰਗਟਾਈ ਜਿਸ ਦੇ ਕਾਰਨ ਸੜਕੀ ਪ੍ਰੋਜੈਕਟਾਂ ਵਿੱਚ ਰੁਕਾਵਟ ਆਉਂਦੀ ਹੈ। ਸੂਬਾ ਸਰਕਾਰ ਇਹ ਮਾਮਲਾ ਐਨ.ਜੀ.ਟੀ. ਦੇ ਕੋਲ ਉਠਾਵੇਗੀ। ਇਸ ਤੋਂ ਪਹਿਲਾਂ ਪੀ.ਡਬਲਯੂ.ਡੀ. ਦੇ ਸਕੱਤਰ ਹੁਸਨ ਲਾਲ ਨੇ ਮੁੱਖ ਮੰਤਰੀ ਨੂੰ ਜਲੰਧਰ-ਹੁਸ਼ਿਆਰਪੁਰ ਚਾਰ ਮਾਰਗੀ ਸੜਕ ਦੇ ਲੰਬਿਤ ਪਏ ਪ੍ਰੋਜੈਕਟ ਬਾਰੇ ਦੱਸਿਆ ਕਿਉਂਕਿ ਰਾਸ਼ਟਰੀ ਗ੍ਰੀਨ ਟਿ੍ਰਬਯੂਨਲ (ਐਨ.ਜੀ.ਟੀ.) ਵੱਲੋਂ ਸੜਕ ਦੇ ਦੋਵੇਂ ਪਾਸੇ ਦਰਖਤਾਂ ਦੇ ਕੱਟਣ ’ਤੇ ਪਾਬੰਦੀ ਲਾਈ ਹੈ।
ਸੂਬੇ ਦੇ ਮੌਜੂਦਾ ਸੜਕੀ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਦੀ ਫੌਰੀ ਲੋੜ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਉੱਚ ਪਾਏਦਾਰ ਸੜਕਾਂ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਯਾਤਰੀਆਂ ਨੂੰ ਸਹੂਲਤ ਮਿਲ ਸਕੇ। ਮੁੱਖ ਮੰਤਰੀ ਨੇ ਪੋ੍ਰਜੈਕਟਾਂ ਦੇ ਵਿੱਚ ਕਿਸੇ ਵੀ ਤਰਾਂ ਦੇ ਨਕਲੀਪਨ ਨੂੰ ਰੋਕਣ ਲਈ ਸਾਰੀਆਂ ਇੰਜਨੀਅਰਿੰਗ ਪ੍ਰਕਿਰਿਆਵਾਂ ਨੂੰ ਦਰੁਸਤ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਵਿੱਤ ਸਕੱਤਰ ਨੂੰ ਵੀ ਹੁਕਮ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਸਰਕਾਰੀ ਇਮਾਰਤਾਂ ਸਬੰਧੀ ਸਾਰੇ ਪ੍ਰੋਜੈਕਟਾਂ ਦੇ ਡਿਜ਼ਾਇਨ ਦੇ ਢਾਂਚੇ ਸਬੰਧੀ ਸਾਰੇ ਇੰਜਨੀਅਰਿੰਗ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਵੀ ਨਿਰਦੇਸ਼ ਦਿੱਤੇ ਅਤੇ ਇਨਾਂ ਨੂੰ ਭੂਚਾਲ ਵਰਗੀਆਂ ਆਪਤਾਂ ਤੋਂ ਬਚਾਉਣ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ।
ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨੂੰ ਰਿੰਗ ਰੋਡਾਂ ਨਾਲ ਜੋੜਨ ਦੇ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਇਸ ਸਬੰਧੀ ਇਕ ਯੋਜਨਾ ਤਿਆਰ ਕਰਨ ਅਤੇ ਇਸ ਬਾਰੇ ਪ੍ਰਸਤਾਵ ਪੇਸ਼ ਕਰਨ ਲਈ ਆਖਿਆ। ਉਨਾਂ ਕਿਹਾ ਕਿ ਇਸ ਤਰਾਂ ਦਾ ਸੰਪਰਕ ਸੂਬੇ ਵਿੱਚ ਵਪਾਰ ਅਤੇ ਉਦਯੋਗ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਵੇਗਾ।
ਮੁੱਖ ਮੰਤਰੀ ਨੇ ਜ਼ੀਰਕਪੁਰ-ਪਟਿਆਲਾ, ਪਟਿਆਲਾ-ਸੰਗਰੂਰ-ਬਠਿੰਡਾ, ਸੰਗਰੂਰ-ਪਾਤਰਾਂ, ਅੰਮਿ੍ਰਤਸਰ-ਹਰੀਕੇ-ਫਰੀਦਕੋਟ-ਬਠਿੰਡਾ ਸਣੇ ਚੱਲ ਰਹੇ ਚਾਰ ਮਾਰਗੀ ਪੋ੍ਰਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।
ਮੀਟਿੰਗ ਦੌਰਾਨ ਪੀ.ਡਬਲਯੂ.ਡੀ. ਦੇ ਸਕੱਤਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 840 ਕਿਲੋਮੀਟਰ ਦੀਆਂ ਪਲਾਨ ਸੜਕਾਂ ਦੇ ਵਿਸ਼ੇਸ਼ ਮੁਰੰਮਤ ਦੇ 86 ਕੰਮ ਅਤੇ 219 ਕਰੋੜ ਰੁਪਏ ਦੀ ਲਾਗਤ ਨਾਲ 1838 ਕਿਲੋਮੀਟਰ ਸੰਪਰਕ ਸੜਕਾਂ ਦੇ ਮੁਰੰਮਤ ਦਾ ਕੰਮ 92 ਫੀਸਦੀ ਤੋਂ ਵੱਧ ਮੁਕੰਮਲ ਹੋ ਚੁੱਕਾ ਹੈ।
ਇਸ ਮੌਕੇ ਹਾਜ਼ਰ ਹੋਰਨਾਂ ਸ਼ਖਸੀਅਤਾਂ ਵਿੱਚ ਪੀ.ਡਬਲਯੂ.ਡੀ. ਰਾਜ ਮੰਤਰੀ ਰਜ਼ੀਆ ਸੁਲਤਾਨਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਬੀ.ਐਸ. ਧਾਲੀਵਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਵਿਸ਼ੇਸ਼ ਸਕੱਤਰ ਪੀ.ਡਬਲਯੂ.ਡੀ. ਮਾਧਵੀ ਕਟਾਰੀਆ, ਸਕੱਤਰ ਪੀ.ਡਬਲਯੂ.ਡੀ. ਹੁਸਨ ਲਾਲ, ਚੀਫ ਆਰਕੀਟੈਕਟ ਪੰਜਾਬ ਸਪਨਾ, ਚੀਫ ਇੰਜਨੀਅਰ ਅਸ਼ੋਕ ਸਿੰਗਲਾ, ਅਰਵਿੰਦਰ ਸਿੰਘ, ਵਿਜੇ ਚੋਪੜਾ, ਜਸਵਿੰਦਰ ਸਿੰਘ ਮਾਨ ਸ਼ਾਮਲ ਸਨ।