ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਵਿੱਚ ਆਪਣੀ ਕਿਤਾਬ ਰਿਲੀਜ਼ ਕਰਕੇ ਸਾਰਾਗੜੀ ਜੰਗ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ

700
Advertisement

ਲੰਡਨ, 13 ਸਤੰਬਰ (ਵਿਸ਼ਵ ਵਾਰਤਾ) – ਸਾਰਾਗੜੀ ਜੰਗ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਦੋਂ ਲੰਡਨ ਦੇ ਨੈਸ਼ਨਲ ਰਾਇਲ ਮਿੳੂਜ਼ੀਅਮ ਵਿੱਚ ਬਿਗਲ ਵੱਜਿਆ ਤਾਂ ਉੱਥੇ ਮੌਜੂਦ ਪਤਵੰਤਿਆਂ ਵਿੱਚ ਚੁੱਪ ਪਸਰ ਗਈ। ਸਾਰਾਗੜੀ ਜੰਗ ਦੀ 120ਵੀਂ ਵਰੇਗੰਢ ਮੌਕੇ ਇਸ ਇਤਿਹਾਸਕ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਰਿਲੀਜ਼ ਕਰਨ ਦੀ ਘੜੀ ਉਨਾਂ 22 ਯੋਧਿਆਂ ਦੀ ਬਹਾਦਰੀ ਤੇ ਜਜ਼ਬੇ ਦਾ ਹਿੱਸਾ ਬਣੀ ਗਈ ਜਿਨਾਂ ਨੇ ਆਤਮ ਸਮਪਰਣ ਦੀ ਬਜਾਏ ਸ਼ਹਾਦਤ ਨੂੰ ਤਰਜੀਹ ਦਿੱਤੀ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਨਾ ਸਿਰਫ 36ਵੀਂ ਸਿੱਖਜ਼ ਜਿਸ ਨਾਲ ਇਨਾਂ ਮਹਾਨ ਯੋਧਿਆਂ ਦਾ ਨਾਤਾ ਸੀ, ਲਈ ਸਗੋਂ ਸਿੱਖ ਭਾਈਚਾਰੇ ਲਈ ਮਾਣ ਵਾਲੇ ਪਲ ਦੱਸਿਆ। ਮੁੱਖ ਮੰਤਰੀ ਨੇ ਹਾਜ਼ਰੀਨਾਂ ਨਾਲ ਸਾਰਾਗੜੀ ਦੀ ਜੰਗ ਦੇ ਅੰਤਮ ਕੁਝ ਘੰਟਿਆਂ ਦੇ ਉਨਾਂ ਕਸ਼ਟਦਾਇਕ ਪਲਾਂ ਦਾ ਜ਼ਿਕਰ ਕੀਤਾ ਜਿਨਾਂ ਵਿੱਚ ਦੀ ਇਨਾਂ 22 ਸੈਨਿਕਾਂ ਨੂੰ ਗੁਜ਼ਰਨਾ ਪਿਆ ਅਤੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਇਨਾਂ ਸੂਰਬੀਰਾਂ ਦੀ ਯਾਦ ਹਮੇਸ਼ਾ ਚੇਤਿਆਂ ਵਿੱਚ ਵਸੀ ਰਹੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਹ ਜੰਗ ਹੈ ਜੋ ਸਦਾ ਸਿੱਖ ਰੈਜੀਮੈਂਟ ਦੇ ਹਰੇਕ ਜਵਾਨ ਦੇ ਜ਼ਿਹਨ ਵਿੱਚ ਰਹਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਅਤੇ ਹਰੇਕ ਸੈਨਿਕ ਇਹੀ ਸੋਚਦਾ ਹੈ ਕਿ ਅਜਿਹੀਆਂ ਹਾਲਤਾਂ ਵਿੱਚ ਉਹ ਕੀ ਕਰਦੇ। ਮੁੱਖ ਮੰਤਰੀ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਨੂਠੀ ਅਗਵਾਈ ਦੀ ਸ਼ਲਾਘਾ ਕੀਤੀ ਜਿਨਾਂ ਨੇ ਇਸ ਜੰਗ ਦੇ ਨਤੀਜੇ ਤੋਂ ਜਾਣੰੂ ਹੁੰਦੇ ਹੋਏ ਇਕ ਵਾਰ ਵੀ ਪਿੱਛੇ ਨਾ ਹਟਣ ਦੀ ਬਜਾਏ ਆਪਣੇ ਸੈਨਿਕਾਂ ਦੀ ਸ਼ਹਾਦਤ ਤੱਕ ਸੰਜਮ ਨਾਲ ਇਸ ਅਸਾਵੀਂ ਜੰਗ ਦੀ ਅਗਵਾਈ ਕੀਤੀ।

‘ਦਾ ਸਾਰਾਗੜੀ ਫਾੳੂਂਡੇਸ਼ਨ’ ਦੀ ਅਗਵਾਈ ਵਿੱਚ ਹੋਏ ਸਮਾਗਮ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿਸਥਾਰ ਵਿੱਚ ਪੇਸ਼ਕਾਰੀ ਦਿੱਤੀ ਅਤੇ ‘ਬਹਾਦਰੀ ਦੀਆਂ ਮੂਰਤਾਂ’ ਸਿਰਲੇਖ ਹੇਠ ਦਿੱਤੇ ਸਾਰਾਗੜੀ ਯਾਦਗਾਰੀ ਭਾਸ਼ਣ ਦੌਰਾਨ ਭਾਰਤੀ ਫੌਜ ਵਿੱਚ ਸਿੱਖਾਂ ਦੀ ਨੁਮਾਇੰਦੀ ਘੱਟ ਹੋਣ ਦੇ ਸੁਝਾਅ ਨੂੰ ਰੱਦ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਹਿਜ਼ ਧਾਰਨਾ ਦਾ ਮਾਮਲਾ ਹੈ ਜਿਸ ਨੂੰ ਉਹ ਜਮਾਤੀ ਨੁਮਾਇੰਦਗੀ ਪ੍ਰਵਾਨਦੇ ਹਨ।

ਇਸ ਮੌਕੇ ਮੁੱਖ ਮੰਤਰੀ, ਜਿਨਾਂ ਦੀ ਕਿਤਾਬ ‘ਦਾ 36ਵੀਂ ਸਿੱਖਜ਼ ਇਨ ਦਾ ਤਿਰਾਹ ਕੰਪੇਨ 1897-98ਸਾਰਾਗੜੀ ਐਂਡ ਦਾ ਡਿਫੈਂਸ ਆਫ਼ ਦਾ ਸਮਾਣਾ ਫੋਰਟ’ ਲਾਂਚ ਕੀਤੀ ਗਈ, ਨੇ ਕਿਹਾ ਕਿ ਬਰਤਾਨੀਆ ਅਤੇ ਕੈਨੇਡਾ ਦੀ ਫੌਜ ਵਿੱਚ ਸਿੱਖਾਂ ਦੀ ਸ਼ਮੂਲੀਅਤ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸਿੱਖਾਂ ਨੂੰ ਉਨਾਂ ਦੀ ਬਹਾਦਰੀ ਕਰਕੇ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਅਤੇ ਸਿੱਖ ਸੈਨਿਕਾਂ ਨੇ ਹਮੇਸ਼ਾ ਹੀ ਭਾਈਚਾਰੇ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ।

ਮੁੱਖ ਮੰਤਰੀ ਨੇ ਸਾਰਾਗੜੀ ਦਿਵਸ ’ਤੇ ਆਪਣੀ ਕਿਤਾਬ ਰਿਲੀਜ਼ ਹੋਣ ਨੂੰ ਇਸ ਜੰਗ ਦੇ ਸ਼ਹੀਦਾਂ ਨੂੰ ਨਿਮਾਣੀ ਸ਼ਰਧਾਂਜਲੀ ਦੱਸਿਆ ਜੋ ਫੌਜ ਦੇ ਇਤਿਹਾਸ ਵਿੱਚ ਜਿੰਦਾ ਮਿਸਾਲ ਰਹੇਗੀ ਜਿਸ ਨੂੰ ਵਿਸ਼ਵ ਦੀ ‘ਲਾਸਟ ਪੋਸਟ’ ਕਰਕੇ ਜਾਣਿਆ ਜਾਂਦਾ ਹੈ।

ਇਸ ਮੌਕੇ ਮੁੱਖ ਮੰਤਰੀ ਨੇ 1988 ਤੋਂ 1992 ਤੱਕ ਬਰਤਾਨਵੀ ਫੌਜ ਦੇ ਚੀਫ ਆਫ਼ ਦੀ ਜਨਰਲ ਸਟਾਫ ਵਜੋਂ ਸੇਵਾਵਾਂ ਨਿਭਾਅ ਚੁੱਕੇ ਫੀਲਡ ਮਾਰਸ਼ਲ ਸਰ ਜੌਹਨ ਲਿਓਨ ਚੈਪਲ ਨੂੰ ਆਪਣੀ ਕਿਤਾਬ ਦੀ ਕਾਪੀ ਭੇਟ ਕੀਤੀ।

ਇਸ ਮੌਕੇ 36ਵੀਂ ਸਿੱਖਜ਼ ਦੇ ਕਮਾਡੈਂਟ ਲੈਫਟੀਨੈਂਟ ਕਰਨਲ ਜੌਹਨ ਹੌਗਟਨ ਦੇ ਪੋਤਰੇ ਸਮੇਤ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ। ਕਰਨਲ ਹੌਗਟਨ ਨੂੰ ਸਾਰਾਗੜੀ ਦੀ ਜੰਗ ਤੋਂ ਬਾਅਦ ਤਿਰਾਹ ਮੁਿਹੰਮ ਵਿੱਚ ਆਪਣੇ ਯੋਗਦਾਨ ਲਈ ਕੋਈ ਬਹਾਦਰੀ ਪੁਰਸਕਾਰ ਹਾਸਲ ਨਹੀਂ ਹੋਇਆ ਸੀ ਕਿਉਂ ਜੋ ਉਸ ਸਮੇਂ ਅਜਿਹੇ ਐਵਾਰਡ ਮਰਨ ਉਪਰੰਤ ਦੇਣ ਦੀ ਆਗਿਆ ਨਹੀਂ ਸੀ। ਇਹ ਪੁਰਸਕਾਰ ਕਾਫੀ ਦੇਰ ਬਾਅਦ ਸ਼ੁਰੂ ਹੋਏ।

Advertisement

LEAVE A REPLY

Please enter your comment!
Please enter your name here