ਚੰਡੀਗੜ੍ਹ, 5 ਜੂਨ( ਵਿਸ਼ਵ ਵਾਰਤਾ)-ਜੰਗ ਲਈ ਕੋਈ ਸਮਰਥਨ ਨਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਚੀਨ ਵੱਲੋਂ ਕੂਟਨੀਤਕ ਯਤਨਾਂ ਨੂੰ ਕੋਈ ਹੁੰਗਾਰਾ ਨਾ ਦੇਣ ਦੀ ਸੂਰਤ ਵਿੱਚ ਇਸ ਗੁਆਂਢੀ ਮੁਲਕ ਨਾਲ ਲਗਾਤਾਰ ਉਠ ਰਹੇ ਸਰਹੱਦੀ ਮਸਲੇ ‘ਤੇ ਸਖਤ ਸਟੈਂਡ ਲੈਣ ਦੀ ਅਪੀਲ ਕੀਤੀ ਹੈ।
ਵੀਡੀਓ ਪ੍ਰੈਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ”ਇਹ ਮਸਲਾ ਗੱਲਬਾਤ ਅਤੇ ਸਫਾਰਤੀ ਯਤਨਾਂ ਨਾਲ ਸੁਲਝਾਉਣ ਦੀ ਜ਼ਰੂਰਤ ਹੈ, ਪਰ ਅਸੀਂ ਸਰਹੱਦ ‘ਤੇ ਚੀਨ ਦੀਆਂ ਗਤੀਵਿਧੀਆਂ ਨਾਲ ਪੈਦਾ ਹੋ ਰਹੇ ਖਤਰੇ ਵੱਲ ਪਿੱਠ ਨਹੀਂ ਕਰ ਸਕਦੇ।”
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਭੂਸੱਤਾ ਕੌਮਾਂ ਵਾਲੇ ਦੋਵੇਂ ਮੁਲਕਾਂ ਨੂੰ ਇਸ ਸਮੱਸਿਆ ਦਾ ਹੱਲ ਕੂਟਨੀਤਕ ਪੱਧਰ ‘ਤੇ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਜੰਗ ਨਹੀਂ ਚਾਹੁੰਦਾ ਪਰ ਅਸੀਂ ਚੀਨ ਵੱਲੋਂ ਇਸ ਤਰ੍ਹਾਂ ਪ੍ਰੇਸ਼ਾਨ ਕੀਤੇ ਜਾਣ ਨੂੰ ਵੀ ਸਵਿਕਾਰ ਨਹੀਂ ਕਰਾਂਗੇ। ”ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਉਹ ਸਾਨੂੰ ਇਸ ਤਰ੍ਹਾਂ ਪ੍ਰੇਸ਼ਾਨ ਵੀ ਨਹੀਂ ਕਰ ਸਕਦੇ।” ਮੁੱਖ ਮੰਤਰੀ ਨੇ ਕਿਹਾ ਕਿ ਚੀਨ ਨੂੰ ਪਿੱਛੇ ਵੱਲ ਭਾਰਤੀ ਖੇਤਰ ਤੋਂ ਬਾਹਰ ਧੱਕਣਾ ਚਾਹੀਦਾ ਹੈ।
ਇਸ ‘ਤੇ ਜ਼ੋਰ ਦਿੰਦਿਆਂ ਕਿ ਭਾਰਤ ਆਪਣੀ ਜ਼ਮੀਨ ਨਹੀਂ ਛੱਡ ਸਕਦਾ, ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਖਤਰੇ ਦਾ ਮੁਕਾਬਲਾ ਨਹੀਂ ਕੀਤਾ ਜਾਂਦਾ ਤਾਂ ਚੀਨ ਵਾਲੇ ਭਵਿੱਖ ਵਿੱਚ ਵੱਧ ਜ਼ਮੀਨ ਮੰਗਣਗੇ ਜੋ ਕਿਸੇ ਵੀ ਕੀਮਤ ‘ਤੇ ਮਨਜ਼ੂਰ ਨਹੀਂ। ਡੋਕਲਾਮ ਘਟਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਚੀਨ ਵੱਲੋਂ ਅਜਿਹੇ ਉਕਸਾਊ ਕਦਮ ਆਮ ਹਨ ਅਤੇ ਚੀਨ ਨੇ ਅਕਸਾਈ ਚੀਨ ਵਿੱਚ ਭਾਰਤੀ ਖੇਤਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਵੱਲੋਂ ਅਜਿਹੇ ਕਦਮਾਂ ਦਾ ਸਹਾਰਾ ਹੀ ਅਰੁਣਚਾਲ ਪ੍ਰਦੇਸ਼ ਵਿੱਚ ਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੀਨ ਵੱਲੋਂ ਉਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰਤੀ ਜ਼ਮੀਨ ‘ਤੇ ਬੀਤੇ ਸਮੇਂ ਵਿੱਚ ਆਪਣਾ ਦਾਅਵਾ ਜਤਾਉਣ ਦੇ ਯਤਨ ਕੀਤੇ ਜਾਂਦੇ ਰਹੇ ਹਨ।
ਚੀਨ ਨੂੰ ਉਸ ਭਾਰਤੀ ਖੇਤਰ ਨੂੰ ਛੱਡ ਦੇਣਾ ਚਾਹੀਦਾ ਹੈ ਜਿਸ ਵਿੱਚ ਉਹ ਹੁਣ ਆ ਗਏ ਹਨ ਅਤੇ ਜਿਸ ਉੱਪਰ ਉਨ੍ਹਾਂ ਦਾ ਕੋਈ ਹੱਕ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ 1962 ਦੇ ਮੁਕਾਬਲੇ ਭਾਰਤੀ ਸੁਰੱਖਿਆ ਸੈਨਾਵਾਂ ਹੁਣ ਕਿਤੇ ਵੱਧ ਆਧੁਨਿਕ ਹਨ ਤੇ ਵਧੀਆ ਹਥਿਆਰਾ ਨਾਲ ਲੈਸ ਹਨ ਅਤੇ ਚੀਨ ਸਾਨੂੰ ਹਲਕੇ ਵਿੱਚ ਨਹੀਂ ਲੈ ਸਕਦਾ।
ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮਨਾਉਣ ਮੌਕੇ ਸ਼ਾਂਤੀ ਭੰਗ ਹੋਣ ਖਤਰੇ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਅਤਿਵਾਦ ਦੇ ਕਾਲੇ ਦਿਨਾਂ ਦੌਰਾਨ 35000 ਜਾਨਾਂ ਗਵਾਉਣ ਵਾਲੇ ਪੰਜਾਬ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਪੰਜਾਬੀ ਅਜਿਹਾ ਨਹੀਂ ਚਾਹੁੰਦਾ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਭਾਰਤ ਵਿਰੋਧੀ ਮੁੱਠੀ ਭਰ ਅਨਸਰ ਹਨ ਜੋ ਹਮੇਸ਼ਾ ਖਾਲਿਸਤਾਨ ਦਾ ਨਾਮ ਵਰਤ ਕੇ ਲੋਕਾਂ ਨੂੰ ਭੜਕਾਉਣ ਦਾ ਲਗਾਤਾਰ ਯਤਨ ਕਰਦੇ ਹਨ।
——–
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਚੰਡੀਗੜ੍ਹ, 14 ਅਕਤੂਬਰ (ਵਿਸ਼ਵ ਵਾਰਤਾ):-...