ਚੰਡੀਗੜ, 25 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਨੂੰ ਮੁੜ ਵਿਕਾਸ ਦੇ ਰਾਹ ’ਤੇ ਲਿਆਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸਾਂਝੇ ਹੰਭਲੇ ਮਾਰਨ ਦਾ ਸੱਦਾ ਦਿੱਤਾ ਹੈ।
‘ਦਿ ਟਿ੍ਰਬਿਊਨ’ ਦੀ ਕੌਫੀ ਟੇਬਲ ਬੁੱਕ ‘ਸਿਹਤਸੰਭਾਲ ਦੀਆਂ ਸਿਰਕੱਢ ਸ਼ਖ਼ਸੀਅਤਾਂ’ (ਡੋਏਨਜ਼ ਆਫ ਹੈਲਥਕੇਅਰ) ਲਾਂਚ ਕਰਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਕਿ ਉਨਾਂ ਦੀ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਲਈ ਪੈਦਾ ਕੀਤੇ ਸੰਕਟਾਂ ’ਚੋਂ ਸੂਬੇ ਨੂੰ ਬਾਹਰ ਕੱਢ ਲਿਆਵੇਗੀ। ਉਨਾਂ ਮੀਡੀਆ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਪੰਜਾਬ ਵਿੱਚ ਵਿਕਾਸ ਦੀ ਤੀਬਰ ਰਫਤਾਰ ਅਤੇ ਤਰੱਕੀ ਲਈ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਸਿਹਤ ਸੰਭਾਲ ਖੇਤਰ ਵਿੱਚ ਵੱਢਮੁੱਲਾ ਯੋਗਦਾਨ ਪਾਉਣ ਅਤੇ ਲੋਕਾਂ ਲਈ ਸਿਹਤ ਭਲਾਈ ਦੇ ਕਾਰਜਾਂ ਨੂੰ ਅਸਰਦਾਰ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਨਾਮੀ ਸ਼ਖ਼ਸੀਅਤਾਂ ਨੂੰ ਉਨਾਂ ਦੇ ਉਪਰਾਲਿਆਂ ਲਈ‘ਪ੍ਰਤਿਸ਼ਠਾ ਐਵਾਰਡ’ ਨਾਲ ਸਨਮਾਨਿਆ।
ਮਿਆਰੀ ਸਿਹਤ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਨੂੰ ਆਪਣੀ ਸਰਕਾਰ ਦਾ ਤਰਜੀਹੀ ਪ੍ਰੋਗਰਾਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਛੱਡੀ ਖਜ਼ਾਨੇ ਦੀ ਤਰਸਯੋਗ ਹਾਲਤ ਅਤੇ ਵਿੱਤੀ ਸੰਕਟ ਦੇ ਬਾਵਜੂਦ ਉਹ ਸਿਹਤ ਅਤੇ ਸਿੱਖਿਆ ਦੇ ਖੇਤਰ ਦੀ ਕਾਇਆਕਲਪ ਲਈ ਵਚਨਬੱਧ ਹੈ।
ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜਨਤਕ ਸਿਹਤ ਕੇਂਦਰ ਮਾੜੀ ਹਾਲਤ ਵਿੱਚ ਹਨ। ਮੁੱਖ ਮੰਤਰੀ ਨੇ ਉਨਾਂ ਦੀ ਸਰਕਾਰ ਵੱਲੋਂ ਮੁੱਢਲੇ ਸਿਹਤ ਕੇਂਦਰਾਂ ਵਿੱਚ ਬੱਚਿਆਂ ਅੰਦਰ ਸਿਹਤ ਸਮੱਸਿਆਵਾਂ ਦੀ ਜਾਂਚ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦਾ ਵੀ ਐਲਾਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਅੰਦਰ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਉਨਾਂ ਦੀ ਸਰਕਾਰ ਮੌਜੂਦਾ ਮੈਡੀਕਲ ਕਾਲਜਾਂ ਪਟਿਆਲਾ ਅਤੇ ਅੰਮਿ੍ਰਤਸਰ ਨੂੰ ਫੰਡ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੋਹਾਲੀ ਵਿਖੇ ਨਵਾਂ ਮੈਡੀਕਲ ਕਾਲਜ ਸਥਾਪਤ ਕਰਨ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਹੋਣਗੀਆਂ।
ਮਾਲਵਾ ਖੇਤਰ ਵਿੱਚ ਇਕ ਮੈਡੀਕਲ ਕਾਲਜ ਸਥਾਪਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਰਾਜ ਵਿੱਚ ਹੋਰ ਮੈਡੀਕਲ ਸੰਸਥਾਵਾਂ ਦੀ ਸਥਾਪਤੀ ਲਈ ਵਿਚਾਰ ਰਹੀ ਹੈ। ਉਨਾਂ ਕਿਹਾ ਕਿ ਇਹ ਬੜੇ ਮਾਣ ਅਤੇ ਸ਼ਲਾਘਾ ਦਾ ਵਿਸ਼ਾ ਹੈ ਕਿ ਭਾਰਤੀ ਮੈਡੀਕਲ ਸਿਸਟਮ ਦੁਨੀਆ ਵਿੱਚ ਦੂਜੇ ਨੰਬਰ ’ਤੇ ਹੈ ਅਤੇ ਦੁਨੀਆ ਭਰ ਦੇ ਲੋਕ ਭਾਰਤ ਵਿੱਚ ਵਾਜਿਬ ਦਰਾਂ ’ਤੇ ਮਿਆਰੀ ਸਿਹਤ ਸੇਵਾਵਾਂ ਅਤੇ ਇਲਾਜ ਦੀ ਹਾਮੀ ਭਰਦੇ ਹਨ।
ਪੰਜਾਬ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਪੱਕਾ ਯਕੀਨ ਹੈ ਕਿ ਪੰਜਾਬ ਇਕ ਵਾਰ ਮੁੜ ਵਿਕਾਸ ਦੇ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇਗਾ।
ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਸਿੱਖਿਆ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਲਾਮਿਸਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਵਾਹ ਲਾਵੇਗੀ ਤਾਂ ਜੋ ਲੋਕਾਂ ਨੂੰ ਇਹ ਮੁੱਢਲੀਆਂ ਸਹੂਲਤਾਂ ਸੁਖਾਵੇਂ ਢੰਗ ਨਾਲ ਮੁਹੱਈਆ ਕਰਾਈਆਂ ਜਾ ਸਕਣ। ਉਨਾਂ ਕਿਹਾ ਕਿ ਰਾਜ ਅੰਦਰ ਸਿੱਖਿਆ ਦਾ ਪੱਧਰ ਹਿਮਾਚਲ ਪ੍ਰਦੇਸ਼ ਅਤੇ ਸਿਹਤ ਸਹੂਲਤਾਂ ਕੇਰਲਾ ਦੇ ਮੁਕਾਬਲੇ ਦੀਆਂ ਹਨ।
ਟਿ੍ਬਿਊਨ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨੇ ਕੈਪਟਨ ਅਮਰਿੰਦਰ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੇ ਵਿਕਾਸ ਲਈ ਚੁੱਕੇ ਹਰ ਇਕ ਕਦਮ ਵਿੱਚ ਅਦਾਰਾ ਟਿ੍ਰਬਿਊਨ ਉਨਾਂ ਦੇ ਨਾਲ ਖੜਾ ਹੈ।
ਰਾਜ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦਿਆਂ ਖਰੇ ਨੇ ਕਿਹਾ ਕਿ ਇਹ ਸ਼ੁਰੂਆਤੀ ਔਕੜਾਂ ਸੁਲਝੇ ਹੋਏ ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਹੱਲ ਕਰ ਲਈਆਂ ਜਾਣਗੀਆਂ।
ਕੈਪਟਨ ਅਮਰਿੰਦਰ ਵਰਗਾ ਮੁੱਖ ਮੰਤਰੀ ਮਿਲਣ ਨੂੰ ਪੰਜਾਬ ਦੀ ਖੁਸ਼ਕਿਸਮਤੀ ਕਰਾਰ ਦਿੰਦਿਆਂ ਖਰੇ ਨੇ ਕਿਹਾ ਕਿ ਉਨਾਂ ਦੇ ਅਦਾਰੇ ਵੱਲੋਂ ਖਬਰਾਂ ਰਾਹੀਂ ਉਭਾਰੇ ਜਾ ਰਹੇ ਮੁੱਦਿਆਂ ਦਾ ਮਕਸਦ ਇਨਾਂ ਨੂੰ ਲੋਕ ਹਿੱਤ ਵਿੱਚ ਸਰਕਾਰ ਤੋਂ ਹੱਲ ਕਰਵਾਉਣਾ ਹੁੰਦਾ ਹੈ।