
ਮੋਦੀ ਸਰਕਾਰ ਆਪਣੇ ਰਾਜ ਵਿਚ ਹੋਏ ਵਿੱਤੀ ਘੋਟਾਲਿਆਂ ਤੇ ਪਰਦਾ ਪਾਉਣ ਲਈ ਨਹੀਂ ਚੱਲਣ ਦੇ ਰਹੀ ਸੰਸਦ ਸੁਨੀਲ ਜਾਖੜ
ਅਸਲ ਮੁੱਦਿਆਂ ਦੀ ਹੋ ਰਹੀ ਹੈ ਅਣਦੇਖੀ
ਗੁਰਦਾਸਪੁਰ, 12 ਮਾਰਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਰਾਜ ਵਿਚ ਹੋਏ ਵਿੱਤੀ ਘੋਟਾਲਿਆਂ ਤੇ ਪਰਦਾ ਪਾਉਣ ਲਈ ਸੰਸਦ ਨੂੰ ਚਲਾਉਣਾ ਨਹੀਂ ਚਾਹੁੰਦੀ ਹੈ।
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਲੋਕ ਸਭਾ ਨੂੰ ਚਲਾਉਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਅਤੇ ਜੋ ਗਤੀਰੋਧ ਹਨ ਉਨਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਇੱਥੇ ਦੇਸ਼ ਸਾਹਮਣੇ ਗੰਭੀਰ ਚੁਣੌਤੀਆਂ ਸਬੰਧੀ ਚਰਚਾ ਕਰਕੇ ਉਨਾਂ ਦੇ ਹੱਲ ਕੀਤਾ ਜਾ ਸਕੇ। ਉਨਾਂ ਨੇ ਆਖਿਆ ਕਿ ਜਿਸ ਤਰਾਂ ਪਿੱਛਲੇ ਸਮਿਆਂ ਵਿਚ ਨੀਰਵ ਮੋਦੀ ਵਰਗੇ ਮਾਮਲਿਆਂ ਵਿਚ ਵਿੱਤੀ ਘੋਟਾਲੇ ਸਾਹਮਣੇ ਆਏ ਹਨ ਉਨਾਂ ਕਾਰਨ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਸੰਸਦ ਚੱਲੇ ਤੇ ਇੱਥੇ ਉਸਦੇ ਰਾਜ ਵਿਚ ਹੋਈਆਂ ਵਿੱਤੀ ਗੜਬੜੀਆਂ ਦੀ ਚਰਚਾ ਹੋਵੇ। ਇਸ ਮੌਕੇ ਉਨਾਂ ਨਾਲ ਲੁਧਿਆਣਾ ਦੇ ਸਾਂਸਦ ਸ੍ਰੀ ਰਵਨੀਤ ਸਿੰਘ ਬਿੱਟੂ ਵੀ ਹਾਜਰ ਸਨ।
ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਵਿਚ ਭਰਮਜਾਲ ਫੈਲਾਉਣ ਦੀ ਆਪਣੀ ਆਦਤ ਦੇ ਚਲੱਦਿਆਂ ਸੱਤਾ ਦੇ ਨਸ਼ੇ ਵਿਚ ਚੂਰ ਹੋ ਚੁੱਕੀ ਹੈ ਅਤੇ ਇਸ ਨੂੰ ਦੇਸ਼ ਦੇ ਆਮ ਲੋਕਾਂ ਦੇ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਉਨਾਂ ਨੇ ਕਿਹਾ ਕਿ ਲੋਕ ਸਭਾ ਵਿਚ ਸਾਂਸਦਾਂ ਨੇ ਦੇਸ਼ ਸਾਹਮਣੇ ਵੱਡੀਆਂ ਮੁਸਕਿਲਾਂ ਤੇ ਹੀ ਚਰਚਾ ਨਹੀਂ ਕਰਨੀ ਹੁੰਦੀ ਹੈ ਸਗੋਂ ਉਨਾਂ ਆਪਣੇ ਹਲਕਿਆਂ, ਰਾਜਾਂ ਸਬੰਧੀ ਵੀ ਮੁੱਦੇ ਰੱਖਣੇ ਹੁੰਦੇ ਹਨ। ਪਰ ਇੱਥੇ ਐਨ.ਡੀ.ਏ. ਸਰਕਾਰ ਜਾਣਬੁੱਝ ਕੇ ਅਜਿਹੇ ਹਾਲਾਤ ਸਿਰਜ ਰਹੀ ਹੈ ਕਿ ਲੋਕ ਸਭਾ ਵਿਚ ਕੋਈ ਕੰਮ ਕਾਜ ਨਾ ਹੋਵੇ ਅਤੇ ਲੋਕਾਂ ਸਾਹਮਣੇ ਇਸ ਸਰਕਾਰ ਦੀ ਪੋਲ ਖੁੱਲਣ ਤੋਂ ਬਚੀ ਰਹੇ। ਉਨਾਂ ਨੇ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਜੇਕਰ ਸੰਸਦ ਚੱਲੇਗੀ ਤਾਂ ਉਸਨੂੰ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
ਸ੍ਰੀ ਜਾਖੜ ਨੇ ਕਿਹਾ ਕਿ ਲੋਕਾਂ ਵੱਲੋਂ ਚੁੱਣੇ ਨੁੰਮਾਇੰਦਿਆਂ ਦੇ ਇਸ ਸਦਨ ਦੀ ਕਾਰਵਾਈ ਨੂੰ ਬਿਨਾਂ ਵਜਾ ਠੱਪ ਰੱਖਣਾ ਦੇਸ਼ ਹਿੱਤ ਵਿਚ ਨਹੀਂ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਚ ਦਾ ਸਾਹਮਣਾ ਕਰਨ ਤੋਂ ਬਚਣ ਦੇ ਅਜਿਹੇ ਹੱਥਕੰਢੇ ਉਸ ਦਾ ਅਵਾਮ ਵਿਚ ਅਕਸ਼ ਹੋਰ ਵੀ ਖਰਾਬ ਕਰਣਗੇ।