ਕੇਂਦਰ ਸਰਕਾਰ ਨੇ 13 ਰਾਜਾਂ ਦੇ ਰਾਜਪਾਲ ਅਤੇ ਉਪ ਰਾਜਪਾਲ ਬਦਲੇ
ਰਮੇਸ਼ ਬੈਸ ਬਣੇ ਮਹਾਰਾਸ਼ਟਰ ਦੇ ਨਵੇਂ ਰਾਜਪਾਲ
ਪੜ੍ਹੋ, ਪੂਰੀ ਖ਼ਬਰ
ਚੰਡੀਗੜ੍ਹ,12ਫਰਵਰੀ(ਵਿਸ਼ਵ ਵਾਰਤਾ)- ਕੇਂਦਰ ਸਰਕਾਰ ਨੇ ਅੱਜ 13 ਰਾਜਾਂ ਦੇ ਰਾਜਪਾਲ ਅਤੇ ਉਪ ਰਾਜਪਾਲਾਂ ਨੂੰ ਬਦਲ ਦਿੱਤਾ ਹੈ। ਸ਼ਿਵਾਜੀ ‘ਤੇ ਬਿਆਨ ਦੇ ਕੇ ਵਿਵਾਦਾਂ ‘ਚ ਘਿਰੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ। ਉਨ੍ਹਾਂ ਦੀ ਥਾਂ ‘ਤੇ ਰਮੇਸ਼ ਬੈਸ ਨੂੰ ਮਹਾਰਾਸ਼ਟਰ ਦਾ ਰਾਜਪਾਲ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਝਾਰਖੰਡ ਦੇ ਰਾਜਪਾਲ ਸਨ। ਇਸ ਦੇ ਨਾਲ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਈ ਨਵੇਂ ਰਾਜਪਾਲਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਹਨਾਂ ਵਿੱਚ ਲੱਦਾਖ ਦੇ ਉਪ ਰਾਜਪਾਲ ਵਜੋਂ ਰਾਧਾ ਕ੍ਰਿਸ਼ਨਨ ਮਾਥੁਰ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਡਾ.ਬੀ.ਡੀ. ਮਿਸ਼ਰਾ ਨੂੰ ਲੱਦਾਖ ਦੇ ਉਪ ਰਾਜਪਾਲ ਵਜੋਂ ਨਿਯੁਕਤ ਕੀਤਾ ਗਿਆ ਹੈ।
ਰਾਜਸਥਾਨ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਮੌਜੂਦਾ ਰਾਜਸਥਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੂੰ ਅਸਾਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਲੈਫਟੀਨੈਂਟ ਜਨਰਲ ਕੈਵਲਯ ਤ੍ਰਿਵਿਕਰਮ ਪਾਰਨਾਇਕ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ ,ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਸਿੱਕਮ ਦਾ ਰਾਜਪਾਲ ਬਣਾਇਆ ਗਿਆ ਹੈ। ਸੀਪੀ ਰਾਧਾਕ੍ਰਿਸ਼ਨਨ ਨੂੰ ਝਾਰਖੰਡ ਦਾ ਰਾਜਪਾਲ ਅਤੇ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਹਿਮਾਚਲ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।