ਕੇਂਦਰੀ ਜੇਲ ਵਿਚੋਂ ਤਲਾਸ਼ੀ ਦੌਰਾਨ 4 ਮੋਬਾਇਲ ਫੋਨ ਬਰਾਮਦ
ਕਪੂਰਥਲਾ,23 ਨਵੰਬਰ(ਵਿਸ਼ਵ ਵਾਰਤਾ)-ਕੇਂਦਰੀ ਜੇਲ ਕਪੂਰਥਲਾ ਵਿਖੇ ਜੇਲ ਪ੍ਰਸ਼ਾਸਨ ਵਲੋਂ ਬੈਰਕਾਂ ਦੀ ਅਚਾਨਕ ਚੈਕਿੰਗ ਦੌਰਾਨ 4 ਮੋਬਾਇਲ ਫੋਨ,2 ਬੈਟਰੀਆਂ ਅਤੇ ਚਾਰਜ਼ਰ ਆਦਿ ਬਰਾਮਦ ਕੀਤੇ ਗਏ ਹਨ।
ਜੇਲ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ( ਜੇਲਾਂ)ਪੰਜਾਬ ਵਲੋਂ ਜਾਰੀ ਹਦਾਇਤਾਂ ਮੱਦੇਨਜ਼ਰ ਬੈਰਕਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜੇਲ ਪ੍ਰਸ਼ਾਸਨ ਵਲੋਂ ਬੈਰਕ ਨੰ:2 ਵਿਚੋਂ 1 ਲਾਵਾਰਸ ਮੋਬਾਇਲ ਫੋਨ ਚਾਰਜਰ ਸਮੇਤ ਬਾਥਰੂਮ ਵਿਚੋਂ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਬੈਰਕ ਨੰ:1 ਦੀ ਤਲਾਸ਼ੀ ਦੌਰਾਨ ਹਵਾਲਾਤੀ ਬਲਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਪਾਸੋਂ ਮੋਬਾਇਲ ਫੋਨ ,2 ਬੈਟਰੀਆਂ ਅਤੇ ਹਵਾਲਾਤੀ ਗੁਰਪਿੰਦਰ ਸਿੰਘ ਪੁੱਤਰ ਮੰਗਲ ਸਿੰਘ ਪਾਸੋਂ 1 ਮੋਬਾਇਲ ਫੋਨ ਬਰਾਮਦ ਕੀਤਾ ਗਿਆ।
ਧਾਲੀਵਾਲ ਨੇ ਇਹ ਵੀ ਦੱਸਿਆ ਕਿ ਉੱਚ ਸੁਰੱਖਿਆ ਜੋਨ ਦੀ ਤਾਲਾਸ਼ੀ ਦੌਰਾਨ ਹਵਾਲਾਤੀ ਵਰਿੰਦਰ ਸਿੰਘ ਉਰਫ ਰਿੱਕੀ ਪੁੱਤਰ ਕਸ਼ਮੀਰ ਸਿੰਘ ਪਾਸੋਂ ਸਮਾਰਟ ਫੋਨ ਬਰਾਮਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੇਲ ਪ੍ਰਸ਼ਾਸਨ ਵਲੋਂ ਜੇਲ ਅੰਦਰ ਮੋਬਾਇਲ ਫੋਨ ਦੀ ਵਰਤੋਂ ਰੋਕਣ ਲਈ ਤਾਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਬੰਦੀਆਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੇ ਮੁੱਖ ਅਫ਼ਸਰ ਥਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਨੂੰ ਲਿਖਿਆ ਗਿਆ ਹੈ।