ਕੁਲਦੀਪ ਦੀਪਕ ਨੇ ਕਲਾ ਭਵਨ ‘ਚ ਜਗਾਈ ਸਾਹਿਤਕ ਗੀਤਾਂ ਦੀ ਲੌਅ

224
Advertisement

• ਸੰਗੀਤ ਲਫ਼ਜ਼ਾਂ ਨੂੰ ਖੰਭ ਲਾ ਦਿੰਦਾ ਹੈ: ਸੁਰਜੀਤ ਪਾਤਰ
ਚੰਡੀਗੜ, 6 ਮਾਰਚ (ਵਿਸ਼ਵ ਵਾਰਤਾ)- ਪੰਜਾਬ ਕਲਾ ਪਰਿਸ਼ਦ ਵੱਲੋਂ ਬੀਤੀ ਸ਼ਾਮ ਕਲਾ ਭਵਨ ਵਿਖੇ ਟਰਾਂਟੋ ਵਸਦੇ ਪੰਜਾਬੀ ਗਾਇਕ ਤੇ ਬਰਾਡਕਾਸਟਰ ਕੁਲਦੀਪ ਦੀਪਕ ਦੇ ਸਾਹਿਤਕ ਗੀਤਾਂ ਦੀ ਸਾਹਿਤਕ ਸ਼ਾਮ ਕਰਵਾਈ ਗਈ। ਕੁਲਦੀਪ ਦੀਪਕ ਨੇ ਪੰਜਾਬੀ ਦੇ ਚੋਟੀ ਦੇ ਕਵੀਆਂ ਦੇ ਗੀਤ ਗਾ ਕੇ ਕਲਾ ਭਵਨ ਦਾ ਵਿਹੜਾ ਸਾਹਿਤਕ ਗੀਤਾਂ ਦੀ ਲੌਅ ਨਾਲ ਰੁਸ਼ਨਾ ਦਿੱਤਾ।
ਕੁਲਦੀਪ ਦੀਪਕ ਨੇ ਗਿਟਾਰ ਦੀਆਂ ਮਧੁਰ ਤੇ ਦਿਲਕਸ਼ ਧੁਨਾਂ ਨਾਲ ਗੀਤਾਂ ਦੀ ਪੇਸ਼ਕਾਰੀ ਦਿੱਤੀ ਅਤੇ ਗੌਤਮ ਧਰ ਨੇ ਤਬਲੇ ਉਪਰ ਸਾਥ ਦਿੱਤਾ। ਦੀਪਕ ਨੇ ਸ਼ਿਵ ਕੁਮਾਰ ਬਟਾਲਵੀ ਦਾ ‘ਸ਼ਿਕਰਾ ਯਾਰ’, ‘ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ’, ਅੰਮ੍ਰਿਤਾ ਪ੍ਰੀਤਮ ਦਾ ‘ਆਈਆਂ ਸੀ ਯਾਦਾਂ ਤੇਰੀਆਂ’, ਸੋਹਣ ਸਿੰਘ ਮੀਸ਼ਾ ਦਾ ‘ਅੱਧੀ ਰਾਤ ਪਹਿਰ ਦੇ ਤੜਕੇ’ ਗਾ ਕੇ ਰੰਗ ਬੰਨਿਆ। ਸ਼ਾਮ ਦਾ ਸਿਖਰ ਉਸ ਵੇਲੇ ਹੋਇਆ ਜਦੋਂ ਦੀਪਕ ਨੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਦੀ ਹਾਜ਼ਰੀ ਵਿੱਚ ਉਨਾਂ ਦੀਆਂ ਗ਼ਜ਼ਲਾਂ ‘ਇਸ ਤਰਾਂ ਹੈ ਦਿਨ ਰਾਤ ਵਿਚਲਾ ਫਾਸਲਾ’, ‘ਕੀ ਖਬਰ ਸੀ ਤੈਨੂੰ ਇਹ ਜੱਗ ਭੁੱਲ ਜਾਏਗਾ’ ਗਾਈਆਂ। ਦੀਪਕ ਨੇ ਮਾਹੀਆ ਟੱਪੇ ਨਿਵੇਕਲੇ ਰੂਪ ਵਿੱਚ ਪੇਸ਼ ਕੀਤਾ।
ਇਸ ਮੌਕੇ ਡਾ.ਸੁਰਜੀਤ ਪਾਤਰ ਨੇ ਦੀਪਕ ਨੂੰ ਪਰਿਸ਼ਦ ਵੱਲੋਂ ਸਨਮਾਨਤ ਕੀਤਾ। ਡਾ.ਪਾਤਰ ਨੇ ਦੀਪਕ ਦੇ ਗੀਤਾਂ ਦੀ ਚੋਣ ਦੀ ਸਲਾਹੁਤਾ ਕਰਦਿਆਂ ਕਿਹਾ ਕਿ ਸੰਗੀਤ ਲਫ਼ਜ਼ਾਂ ਨੂੰ ਖੰਭ ਲਾ ਦਿੰਦਾ ਹੈ ਅਤੇ ਅੱਜ ਦੀ ਮਹਿਫਲ ਵਿੱਚ ਦੀਪਕ ਨੇ ਅੰਮ੍ਰਿਤਾ ਪ੍ਰੀਤਮਾ, ਮੀਸ਼ਾ ਤੇ ਸ਼ਿਵ ਦੀਆਂ ਯਾਦਾਂ ਨੂੰ ਤਰੋ ਤਾਜ਼ਾ ਕਰ ਦਿੱਤਾ ਹੈ। ਪ੍ਰੋਗਰਾਮ ਦਾ ਮੰਚ ਸੰਚਾਲਨ ਭੁਪਿੰਦਰ ਮਲਿਕ ਨੇ ਕੀਤਾ। ਇਸ ਮੌਕੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨਾ ਮਾਨਾ, ਡਾ.ਦੀਪਕ ਮਨਮੋਹਨ ਸਿੰਘ, ਨਿੰਦਰ ਘੁਗਿਆਣਵੀ, ਦੀਪਕ ਸ਼ਰਮਾ ਚਨਾਰਥਲ ਤੇ ਸਬਦੀਸ਼ ਆਦਿ ਹਾਜ਼ਰ ਸਨ।

Advertisement

LEAVE A REPLY

Please enter your comment!
Please enter your name here