ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਭਾਜਪਾ ਵਿਧਾਇਕ ਅਰੂਣ ਨਾਰੰਗ ਤੇ ਹੋਏ ਹਮਲੇ ਦੀ ਨਿੰਦਾ ,ਕਿਸਾਨ ਗਲਤ ਅਨਸਰਾਂ ਤੋਂ ਸੁਚੇਤ ਰਹਿਣ ਚੰਡੀਗੜ੍ਹ, 27 ਮਾਰਚ : ਉੱਘੇ ਸਿੱਖ ਕਿਸਾਨ ਨੇਤਾ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਦੇ ਰਾਸ਼ਟਰੀ ਡੈਲੀਗੇਟ ਅਤੇ ਚੰਡੀਗੜ੍ਹ ਪ੍ਰਦੇਸ਼ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਭਾਜਪਾ ਦੇ ਵਿਧਾਇਕ ਸ੍ਰੀ ਅਰੁਣ ਨਾਰੰਗ ਤੇ ਅੱਜ ਮਲੋਟ ਵਿਖੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਲੋਕਤੰਤਰ ਵਿਚ ਇਸ ਤਰਾਂ ਦਾ ਵਿਹਾਰ ਸਹਿਣਯੋਗ ਨਹੀਂ ਹੈ। ਉਨਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਘਟਨਾਵਾਂ ਨਾਲ ਕਿਸਾਨ ਅੰਦੋਲਨ ਕਮਜ਼ੋਰ ਕਰਨ ਲਈ ਸ਼ਰਾਰਤੀ ਅਨਸਰ ਸ਼ਾਮਲ ਹੋਵੇਗਾ।
ਸ੍ਰੀ ਬਡਹੇੜੀ ਨੇ ਜਾਰੀ ਬਿਆਨ ਵਿਚ ਮਲੋਟ ਵਿਚ ਵਾਪਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਲੋਕਤੰਤਰ ਵਿਚ ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਭ ਨੂੰ ਦੇਸ਼ ਦੇ ਹਰੇਕ ਨਾਗਰਿਕ ਦੇ ਬੋਲਣ ਦੇ ਅਧਿਕਾਰ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਇਸ ਸਮੇਂ ਕਿਸਾਨ ਅੰਦੋਲਨ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਸਹੀ ਦਿਸ਼ਾ ਵੱਲ ਜਾ ਰਿਹਾ ਸੀ ਪਰ ਇਸ ਤਰਾਂ ਦੀਆਂ ਘਟਨਾਵਾਂ ਕਿਸਾਨ ਅੰਦੋਲਨ ਲਈ ਘਾਤਕ ਸਿੱਧ ਹੋਣਗੀਆਂ। ਉਨਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਤੋਂ ਦੂਰ ਰਹਿਣ ਕਿਉਂਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ। ਕਿਸਾਨ ਖ਼ੁਦ ਅਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਤਾਂ ਜੋ ਕਿਸਾਨ ਅੰਦੋਲਨ ਨੂੰ ਏਜੰਸੀਆਂ ਬਦਨਾਮ ਕਰਨ ਵਿੱਚ ਕਾਮਯਾਬ ਨਾ ਹੋ ਸਕਣ।