ਚੰਡੀਗੜ੍ਹ, 21 ਅਕਤੂਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਲਹਿਰਾਗਾਗਾ ਵਿਧਾਨ ਸਭਾ ਹਲਕੇ ਦੇ ਪਿੰਡ ਬਖੋਰਾ ਦੇ ਅੱਧੀ ਦਰਜਨ ਕਿਸਾਨ ਉੱਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ‘ਚ ਕੇਸ ਦਰਜ ਕਰਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੂਬੇ ਦੇ ਕਿਸਾਨਾਂ ਦਾ ਸਬਰ ਦਾ ਇਮਤਿਹਾਨ ਨਾ ਲਵੇ।
‘ਆਪ’ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਆਪਣੇ ਅਧਿਕਾਰੀਆਂ ਨੂੰ ਤੁਰੰਤ ਪਰਚਾ ਰੱਦ ਕਰਨ ਦੇ ਹੁਕਮ ਦੇਣ ਤਾਂ ਕਿ ਕਿਸਾਨ ਵਿਰੋਧੀ ਇਹ ਸਿਲਸਿਲਾ ਅੱਗੇ ਨਾ ਵਧੇ।
‘ਆਪ’ ਆਗੂਆਂ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਆੜ ‘ਚ ਕਿਸਾਨਾਂ ਉੱਤੇ ਜੁਰਮਾਨੇ ਅਤੇ ਪਰਚੇ ਕਰਨ ਦਾ ਕੈਪਟਨ ਸਰਕਾਰ ਨੂੰ ਉਦੋਂ ਤੱਕ ਕੋਈ ਅਧਿਕਾਰ ਨਹੀਂ ਜਦੋਂ ਤੱਕ ਸਰਕਾਰ ਐਨਜੀਟੀ ਦੀ ਰਿਪੋਰਟ ਦੇ ਪੈਰਾ ਨੰਬਰ 14 ਦੀਆਂ ਮੱਦਾਂ ਨੂੰ ਆਪਣੇ ਉੱਪਰ ਲਾਗੂ ਨਹੀਂ ਕਰਦੀ।
ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਖ਼ੁਦ ਪਰਾਲੀ ਨੂੰ ਅੱਗ ਲਗਾਉਣਾ ਨਹੀਂ ਚਾਹੁੰਦਾ ਸਗੋਂ ਇਸ ਸਮੱਸਿਆ ਦਾ ਹੱਲ ਚਹੁੰਦਾ ਹੈ ਜਦਕਿ ਹੱਲ ਪੰਜਾਬ ਸਰਕਾਰ ਕੋਲ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਪ੍ਰਤੀ ਸੰਜੀਦਾ ਹੁੰਦੇ ਤਾਂ ਨਾ ਕੇਵਲ 6 ਮਹੀਨਿਆਂ ‘ਚ ਚੋਣਾਂ ਸਮੇਂ ਸਮੁੱਚੇ ਕਰਜ਼ੇ ਮੁਆਫ਼ੀ ਵਾਲੇ ਲਿਖਤੀ ਵਾਅਦੇ ‘ਤੇ ਖਰਾ ਉੱਤਰਦੇ ਬਲਕਿ ਐਨਜੀਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਰਾਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦੇ ਸੰਦ, ਸਾਜੋ-ਸਮਾਨ ਅਤੇ ਵਿੱਤੀ ਸਾਧਨ ਕਿਸਾਨਾਂ ਨੂੰ ਮੁਹੱਈਆ ਕਰਦੇ, ਪਰੰਤੂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਪਿੱਛੋਂ ਪੰਜਾਬ ਦੇ ਲੋਕਾਂ ਦੀ ਪ੍ਰਵਾਹ ਕਰਨੀ ਹੀ ਛੱਡ ਗਏ ਹਨ ਸਿੱਟੇ ਵਜੋਂ ਹੋਰ ਜ਼ਿਆਦਾ ਨਿਰਾਸ਼ ਹੋਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ‘ਚ ਖੁਦਕੁਸ਼ੀਆਂ ਦਾ ਮੰਦਭਾਗਾ ਰੁਝਾਨ ਵੱਧ ਗਿਆ ਹੈ।
ਭਗਵੰਤ ਮਾਨ ਅਤੇ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ ਹੇਠ ਲਹਿਰਾਗਾਗਾ ਹਲਕੇ ਦੇ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਨਾ ਲਿਆ ਤਾਂ ‘ਆਪ’ ਦੀ ਸੰਗਰੂਰ ਇਕਾਈ ਜ਼ਿਲ੍ਹਾ ਹੈਡਕਵਾਟਰ ਦਾ ਘਿਰਾਓ ਕਰੇਗੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਦੇ ਸੰਬੰਧ ਵਿਚ ਐਨਜੀਟੀ ਦੀ ਰਿਪੋਰਟ ਸਮੇਤ ਮੰਗ ਪੱਤਰ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੇ ਚੁੱਕੀ ਹੈ। ਜਿਸ ਵਿਚ ਐਨਜੀਟੀ ਦੇ ਬਹਾਨੇ ਨਾਲ ਕਿਸਾਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਦੀ ਅਪੀਲ ਕੀਤੀ ਗਈ।
ਫੌਜ ਦੇ ਕਰਨਲ ਅਤੇ ਪੁਲਿਸ ਦੀ ਦੁੱਖਦ ਘਟਨਾ,ਆਖਰ ਕਿਉਂ ਬਣੀ ਜੰਗ ਦਾ ਅਖਾੜਾ!
ਫੌਜ ਦੇ ਕਰਨਲ ਅਤੇ ਪੁਲਿਸ ਦੀ ਦੁੱਖਦ ਘਟਨਾ,ਆਖਰ ਕਿਉਂ ਬਣੀ ਜੰਗ ਦਾ ਅਖਾੜਾ! ਜ਼ਿੰਦਗੀ ਦੇ ਸਫ਼ਰ ਦੇ ਦੌਰਾਨ,ਕਿਹੜੇ ਵੇਲੇ ਕਿਹੋ...