ਕਿਹਾ ਕਿ ਕਿਸਾਨਾਂ ਕੋਲ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਘਿਰਾਓ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ
ਚੰਡੀਗੜ੍ਹ, 5 ਜਨਵਰੀ (ਵਿਸ਼ਵ ਵਾਰਤਾ) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਇੱਕ ਧੋਖੇ ਭਰੀ ਫਸਲੀ ਕਰਜ਼ਾ ਮੁਆਫੀ ਯੋਜਨਾ, ਜਿਸ ਵਿਚੋਂ ਅਸਲੀ ਲਾਭਪਾਤਰੀਆਂ ਨੂੰ ਹੀ ਬਾਹਰ ਕੱਢ ਦਿੱਤਾ ਗਿਆ ਹੈ, ਨੂੰ ਲਾਗੂ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ। ਉਹਨਾਂ ਨੇ ਮੌਜੂਦਾ ਕਰਜ਼ਾ ਮੁਆਫੀ ਸਕੀਮ ਨੂੰ ਰੱਦ ਕਰਕੇ ਸਾਰੇ ਕਰਜ਼ਦਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਵਾਲੀ ਇੱਕ ਵਿਆਪਕ ਯੋਜਨਾ ਤਿਆਰ ਕਰਨ ਦੀ ਮੰਗ ਕੀਤੀ।
ਇੱਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀ ਆਪਣੇ ਵਾਅਦੇ ਮੁਤਾਬਿਕ ਸਹਿਕਾਰੀ, ਰਾਸ਼ਟਰੀ ਬੈਂਕਾਂ ਅਤੇ ਆੜ੍ਹਤੀਆਂ ਦਾ ਕੁੱਲ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਵਿਚ ਨਾਕਾਮੀ ਕਰਕੇ ਲਗਭਗ 400 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਵਿਚ ਲਹਿਰਾ ਗਾਗਾ ਦੇ ਇੱਕ ਕਿਸਾਨ ਵੱਲੋਂ ਕਰਜ਼ਾ ਮੁਆਫੀ ਦੇ ਲਾਭਪਾਤਰੀਆਂ ਦੀ ਸੂਚੀ ਵਿਚ ਆਪਣੇ ਨਾਂ ਨਾ ਹੋਣ ਤੇ ਕੀਤੀ ਖੁਦਕੁਸ਼ੀ ਮਗਰੋਂ ਹੁਣ ਇੱਕ ਹੋਰ ਵੱਧ ਖਤਰਨਾਕ ਰੁਝਾਣ ਸ਼ੁਰੂ ਹੋਣ ਲੱਗਿਆ ਹੈ।
ਇਹ ਕਹਿੰਦਿਆਂ ਕਿ ਲਹਿਰਾਗਾਗਾ ਦੇ ਕਿਸਾਨ ਸਿਕੰਦਰ ਸਿੰਘ ਦੀ ਮੌਤ ਲਈ ਕਾਂਗਰਸ ਸਰਕਾਰ ਅਤੇ ਇਸ ਦੇ ਵਿਧਾਇਕ ਜ਼ਿੰਮੇਵਾਰ ਹਨ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਇਸ ਕਰਕੇ ਵਾਪਰੀ , ਕਿਉਂਕਿ ਕਾਂਗਰਸੀਆਂ ਨੇ ਭ੍ਰਿਸ਼ਟਾਚਾਰ ਕਰਕੇ ਕਰਜ਼ਾ ਮੁਆਫੀ ਦੀ ਸਾਰੀ ਪ੍ਰਕਿਰਿਆ ਖਰਾਬ ਕਰ ਦਿੱਤੀ ਹੈ, ਜਿਸ ਨਾਲ ਲੱਖਾਂ ਹੀ ਹੱਕਦਾਰ ਲਾਭਪਾਤਰੀ ਮੌਜੂਦਾ ਫਸਲੀ ਕਰਜ਼ਾ ਮੁਆਫੀ ਸਕੀਮ ਦੇ ਦਾਇਰੇ ਵਿਚੋਂ ਬਾਹਰ ਕੱਢ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਮੌਜੂਦਾ ਸਕੀਮ ਸਿਰਫ ਫਸਲੀ ਕਰਜ਼ਿਆਂ ਵਾਸਤੇ ਹੈ, ਜਿਹਨਾਂ ਵਿਚ ਰਵਾਇਤੀ ਤੌਰ ਤੇ 95 ਫੀਸਦ ਵਾਪਸੀ ਹੁੰਦੀ ਹੈ। ਇਹ ਕਹਿੰਦਿਆਂ ਕਿ ਕਰਜ਼ਦਾਰ ਕਿਸਾਨ ਇਸ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਨਗੇ, ਸਰਦਾਰ ਬਾਦਲ ਨੇ ਕਿਸਾਨਾਂ ਨੂੰ ਆਪਣਾ ਹਿੱਸਾ ਲੈਣ ਲਈ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਘਿਰਾਓ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਸਰਕਾਰ ਵੱਲੋਂ ਵਾਰ ਵਾਰ ਕੀਤੇ ਵਿਸ਼ਵਾਸ਼ਘਾਤ ਨੇ ਕਿਸਾਨਾਂ ਕੋਲ ਹੋਰ ਕੋਈ ਰਸਤਾ ਨਹੀਂ ਛੱਡਿਆ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਂਗਰਸੀਆਂ ਵੱਲੋਂ ਚੋਣਵੇਂ ਲਾਭਪਾਤਰੀਆਂ ਦੀ ਚੋਣ ਕਰਨ ਲਈ ਰਿਸ਼ਵਤ ਲਈ ਜਾ ਰਹੀ ਹੈ। ਜਿਹਨਾਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੀ ਸਭ ਤੋਂ ਵੱਧ ਲੋੜ ਹੈ, ਸਰਕਾਰ ਉਹਨਾਂ ਨੂੰ ਨਿਰਾਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਜਿਹਨਾਂ ਕਿਸਾਨਾਂ ਸਿਰ ਦੋ ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਹੈ, ਉੁਹਨਾਂ ਨੂੰ ਇਸ ਸਕੀਮ ਵਿਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਸੀਮਾਂਤ ਕਿਸਾਨਾਂ ਨੂੰ ਵੀ ਇਸ ਸਕੀਮ ਦੇ ਘੇਰੇ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਖੇਤ ਮਜ਼ਦੂਰਾਂ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਧੋਖਾ ਦੇਣ ਵਾਸਤੇ ਲਾਭਪਾਤਰੀਆਂ ਦੀ ਸੂਚੀ ਵੱਡੀ ਵਿਖਾਉਣ ਲਈ ਬਹੁਤ ਸਾਰੇ ਅਜਿਹੇ ਕਿਸਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹਨਾਂ ਦਾ ਸਿਰਫ 100 ਰੁਪਏ ਤੋਂ ਲੈ ਕੇ ਕੁੱਝ ਹਜ਼ਾਰ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਣਾ ਹੈ।
ਕਰਜ਼ਾ ਮੁਆਫੀ ਦੇ ਨਾਂ ਉੱਤੇ ਕੀਤੇ ਜਾ ਰਹੇ ਇਸ ਸਮੁੱਚੇ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸੀ ਕਿਸਾਨਾਂ ਦੇ ਦੁੱਖਾਂ ਵਿਚੋਂ ਵੀ ਪੈਸੇ ਕਮਾ ਰਹੇ ਹਨ। ਉਹਨਾਂ ਕਿਹਾ ਕਿ ਇਸ ਘੁਟਾਲੇ ਦੀ ਕਿਸੇ ਆਜ਼ਾਦ ਏਜੰਸੀ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਕਾਂਗਰਸ ਸਰਕਾਰ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਇਸ ਘੁਟਾਲੇ ਦੀ ਜੜ੍ਹ ਆਪਣੇ ਵਿਧਾਇਕਾਂ ਖ਼ਿਲਾਫ ਕੋਈ ਕਾਰਵਾਈ ਕਰੇਗੀ।
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ – ਤਰੁਨਪ੍ਰੀਤ ਸਿੰਘ ਸੌਂਦ
Punjab: ਖੇਡਾਂ ਅਤੇ ਖਿਡਾਰੀਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਦਮ ਕਾਬਿਲੇਤਾਰੀਫ - ਤਰੁਨਪ੍ਰੀਤ ਸਿੰਘ...