ਕਸ਼ਮੀਰ :ਅੱਤਵਾਦੀ ਹਮਲੇ ’ਚ ਹਵਾਈ ਸੈਨਾ ਦਾ ਅਧਿਕਾਰੀ ਸ਼ਹੀਦ
ਚੰਡੀਗੜ੍ਹ, 5ਮਈ(ਵਿਸ਼ਵ ਵਾਰਤਾ)- ਜੰਮੂ-ਕਸ਼ਮੀਰ ਦੇ ਪੁੰਛ ‘ਚ ਸ਼ਨੀਵਾਰ (4 ਮਈ) ਸ਼ਾਮ ਨੂੰ ਹਵਾਈ ਫੌਜ ਦੇ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ‘ਚ ਇਕ ਅਧਿਕਾਰੀ ਸ਼ਹੀਦ ਹੋ ਗਿਆ। ਹਮਲੇ ‘ਚ 5 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਊਧਮਪੁਰ ਦੇ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਇਕ ਸਿਪਾਹੀ ਦੀ ਮੌਤ ਹੋ ਗਈ। ਇਹ ਹਮਲਾ ਸ਼ਨੀਵਾਰ ਸ਼ਾਮ 6.15 ਵਜੇ ਪੁੰਛ ਦੇ ਸ਼ਾਹਸਿਤਰ ਇਲਾਕੇ ‘ਚ ਹੋਇਆ। ਸਨਾਈ ਟਾਪ ਵੱਲ ਜਾ ਰਹੇ ਸੁਰੱਖਿਆ ਬਲਾਂ ਦੇ ਦੋ ਵਾਹਨਾਂ ‘ਤੇ 4 ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਨ੍ਹਾਂ ਵਿੱਚੋਂ ਇੱਕ ਵਾਹਨ ਹਵਾਈ ਸੈਨਾ ਦਾ ਸੀ। ਹਮਲੇ ਤੋਂ ਬਾਅਦ ਅੱਤਵਾਦੀ ਜੰਗਲ ‘ਚ ਭੱਜ ਗਏ। ਹਵਾਈ ਸੈਨਾ, ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਸਰਚ ਅਭਿਆਨ ਜਾਰੀ ਹੈ।