ਕਲਾਕਾਰ ਤੋਂ ਮੁੱਖ ਮੰਤਰੀ ਵੱਲੋਂ ਕਲਮਕਾਰਾਂ ਤੇ ਕਲਾਕਾਰਾਂ ਦੀ ਦੂਸਰੀ ਵਾਰ ਤੌਹੀਨ ਨਿੰਦਣਯੋਗ-ਸੰਜੀਵਨ
ਚੰਡੀਗੜ੍ਹ 21 ਨਵੰਬਰ(ਵਿਸ਼ਵ ਵਾਰਤਾ)- ਕਲਾਕਾਰ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਹੋਰਾਂ ਦੇ ਮੁੱਖ ਮਹਿਮਾਨ ਵੱਜੋਂ ਸ਼ਮੂਲੀਅਤ ਵਾਲੇ ਭਾਸ਼ਾ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਦੌਰਾਨ 19 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਿਰਸਟੀ, ਅੰਮ੍ਰਿਤਸਰ ਵਿਖੇ ਪੰਜਾਬ ਦੇ ਕਲਮਕਾਰਾਂ ਤੇ ਕਲਾਕਾਰਾਂ ਨੂੰ ਡੈਲੀਗੇਟ ਵੱਜੋਂ ਸੱਦਾ ਤਾਂ ਭੇਜਿਆ ਗਿਆ ਪਰ ਚੰਡੀਗੜ੍ਹ, ਮੁਹਾਲੀ, ਫਗਵਾੜਾ, ਕਪੂਰਥਲਾ ਅਤੇ ਗੁਰਦਾਸਪੁਰ ਆਦਿ ਦੇ ਪੰਜਾਹ ਦੇ ਕਰੀਬ ਕਲਮਕਾਰਾਂ ਤੇ ਕਲਾਕਾਰਾਂ ਨੂੰ ਕੁੱਝ ਦੇਰ ਨਾਲ ਪੁੱਜਣ ਕਾਰਣ ਸਮਾਗਮ ਹਾਲ ਵਿਚ ਸੁਰੱਖਿਆ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਦੀ ਸੁਰੱਖਿਆ ਕਾਰਨਾ ਕਰਕੇ ਸ਼ਾਮਿਲ ਨਾ ਹੋਣ ਦੇਣਾ ਕਲਮਕਾਰਾਂ ਤੇ ਕਲਾਕਾਰਾਂ ਦੀ ਦੂਸਰੀ ਵਾਰ ਤੌਹੀਨ ਹੈ।ਕੈਦੀਆਂ ਵਰਗਾ ਵਿਵਹਾਰ ਕਰਦੇ ਹੋਏ, ਇਕ ਵਾਰ ਹਾਲ ਅੰਦਰ ਜਾਣ ਤੋਂ ਬਾਅਦ ਕਿਸੇ ਨੂੰ ਵੀ ਬਾਹਰ ਨਹੀਂ ਆਉਂਣ ਦਿੱਤਾ ਗਿਆ।ਬਾਹਰ ਰਹਿ ਗਏ ਕਲਮਕਾਰਾਂ ਅਤੇ ਕਲਾਕਾਰਾਂ ਨੇ ਬਾਹਰ ਘਾਹ ਉਤੇ ਬੈਠ ਕੇ ਹੀ ਆਪਣੀਆਂ ਨਜ਼ਮਾ ਤੇ ਕਲਾਮ ਇਕ ਦੂਜੇ ਨਾਲ ਸਾਂਝੇ ਕੀਤੇ। ਇਸ ਤੋਂ ਪਹਿਲਾਂ ਪਟਿਆਲਾ ਵਿਖੇ ਭਾਸ਼ਾ ਵਿਭਾਗ ਵੱਲੋਂ ਅਯੋਜਿਤ 1 ਨਵੰਬਰ ਨੂੰ ਪੰਜਾਬੀ ਮਾਹ ਦੇ ਅਗ਼ਾਜ਼ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣ ਦਾ ਵਾਅਦਾ ਕਰਕੇ ਆਖਰੀ ਸਮੇਂ ਤੱਕ ਸ਼ਾਮਿਲ ਨਾ ਹੋ ਕੇ ਪਹਿਲਾਂ ਵੀ ਇਸ ਸੂਖਮ ਅਤੇ ਸੰਵੇਦਨਸ਼ੀਲ ਵਰਗ ਦੀ ਮੁੱਖ ਮੰਤਰੀ ਵੱਲੋਂ ਪਹਿਲਾਂ ਵੀ ਤੌਹੀਨ ਕੀਤੀ ਗਈ।
ਭਗਵੰਤ ਮਾਨ ਹੋਰਾਂ ਦੇ ਲੇਖਕਾਂ, ਰੰਗਕਰਮੀਆਂ ਅਤੇ ਕਲਾਕਾਰਾਂ ਨਾਲ ਗ਼ੈਰ-ਗੰਭੀਰ ਅਤੇ ਭੱਦੇ ਵਿਵਹਾਰ ਨੂੰ ਮੰਦਭਾਗਾ ਅਤੇ ਨਿੰਦਣਯੋਗ ਕਹਿੰਦੇ ਹੋਏ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਦਾ ਦਾਅਵਾ ਕਰਨ ਵਾਲੇ ਆਮ ਲੋਕਾਂ ’ਚੋ ਹੀ ਇਸ ਅਹਿਮ ਅਹੁੱਦੇ ’ਤੇ ਪਹੁੰਚੇ ਮੁੱਖ ਮੰਤਰੀ ਦੀ ਸੁਰਖਿਆ ਦੇ ਬਹਾਨੇ ਵੱਡੀ ਗਿਣਤੀ ਵਿਚ ਪੰਜਾਬ ਭਰ ਦੇ ਕਲਮਕਾਰਾਂ ਤੇ ਕਲਾਕਾਰਾਂ ਨੂੰ ਡੈਲੀਗੇਟ ਵੱਜੋਂ ਸੱਦਕੇ ਜੇ ਇਸ ਤਰਾਂ ਹੀ ਜ਼ਲੀਲ ਕਰਨਾ ਹੈ ਤਾਂ ਪੰਜਾਬ ਦੇ ਬੁੱਧੀਜੀਵੀਆਂ, ਲੇਖਕਾਂ, ਵਿਦਵਾਨਾ, ਰੰਗਕਰਮੀਆਂ ਅਤੇ ਕਲਾਕਾਰਾਂ ਨੂੰ ਭਵਿੱਖ ਮੁੱਖ ਮੰਤਰੀ ਦੀ ਸ਼ਮੂਲੀਅਤ ਵਾਲੇ ਕਿਸੇ ਵੀ ਸਾਹਿਤਕ/ਸਭਿਆਚਾਰਕ ਸਮਾਗਮ ਦਾ ਬਾਈਕਾਟ ਕਰਨਾ ਚਾਹੀਦਾ ਹੈ।