ਮਾਨਸਾ, 4 ਮਈ( ਵਿਸ਼ਵ ਵਾਰਤਾ)- ਜੰਮੂ-ਕਸ਼ਮੀਰ ਦੇ ਹੰਦਵਾੜਾ ਇਲਾਕੇ ਵਿੱਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਸਰਦੂਲਗੜ੍ਹ ਦੇ ਵਸਨੀਕ ਨਾਇਕ ਰਾਜੇਸ਼ ਕੁਮਾਰ (28 ਸਾਲ) ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ, ਜਿਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਵਿਖੇ ਰਾਜਰਾਣਾ ਵਿਖੇ ਰਾਸ਼ਟਰੀ ਸਨਮਾਨ ਨਾਲ ਸਲਾਮੀ ਦੇ ਕੇ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਸ਼ਹੀਦ ਨਾਇਕ ਰਾਜੇਸ਼ ਕੁਮਾਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਸ਼ਹੀਦ ਨਾਇਕ ਰਾਜੇਸ਼ ਕੁਮਾਰ ਨੂੰ ਅੰਤਿਮ ਸਸਕਾਰ ਲਈ ਲੈ ਕੇ ਜਾਣ ਮੌਕੇ ਪਿੰਡ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਸੜਕਾਂ ਦੇ ਕਿਨਾਰਿਆਂ ‘ਤੇ ਖੜ੍ਹੇ ਹੋ ਕੇ ਫੁੱਲਾਂ ਦੀ ਵਰਖਾ ਨਾਲ ਆਪਣੀ ਸਰਧਾਂਜਲੀ ਭੇਟ ਕੀਤੀ ਅਤੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ।
ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਰਾਜੇਸ਼ ਕੁਮਾਰ ਦੀ ਸ਼ਹਾਦਤ ‘ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਰਾਜੇਸ਼ ਕੁਮਾਰ ਫੌਜ ਦੀ ਰਾਸ਼ਟਰੀ ਰਾਇਫਲਜ਼ ਵਿੱਚ ਮਾਰਚ 2010 ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਉਹ ਜੰਮੂ-ਕਸ਼ਮੀਰ ਦੇ ਹੰਦਵਾੜਾ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਥਰੀ ਗਾਰਡ ਰੈਜੀਮੈਂਟ ਵਿੱਚ ਤਾਇਨਾਤ ਸ਼ਹੀਦ ਨਾਇਕ ਰਾਜੇਸ਼ ਕੁਮਾਰ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, 2 ਭਾਈ ਅਤੇ 2 ਭੈਣਾਂ ਨੂੰ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਸ ਸੱਚੇ ਸਪੂਤ ਅਤੇ ਉਸ ਦੇ ਪਰਿਵਾਰ ਲਈ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸਪੂਤਾਂ ‘ਤੇ ਦੇਸ਼ ਨੂੰ ਹਮੇਸ਼ਾਂ ਮਾਣ ਰਹੇਗਾ, ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦ ਫਿਜ਼ਾ ਵਿੱਚ ਵਿਚਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਦਿਲੇਰ ਅਤੇ ਹਿੰਮਤੀ ਨੌਜਵਾਨ ਦੇ ਸ਼ਹੀਦ ਹੋਣ ‘ਤੇ ਜਿੱਥੇ ਦੁੱਖ ਹੈ, ਉਥੇ ਹੀ ਦੇਸ਼ ਲਈ ਸ਼ਹਾਦਤ ਦੇਣ ਦਾ ਫ਼ਖਰ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ।
ਕੋਵਿਡ-19 ਦੇ ਚੱਲਦਿਆਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਪ੍ਰਮੁੱਖ ਸਖ਼ਸ਼ੀਅਤਾਂ ਦੇ ਸਾਹਮਣੇ ਹੀ ਸ਼ਹੀਦ ਨਾਇਕ ਰਾਜੇਸ਼ ਕੁਮਾਰ ਦਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਸਮਾਜਿਕ ਦੂਰੀ ਦਾ ਵੀ ਖਾਸ ਧਿਆਨ ਰੱਖਿਆ ਗਿਆ।
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਦੀ ਹਰ ਸੰਭਵ ਮਦਦ ਲਈ ਹਰ ਸਮੇਂ ਤਿਆਰ ਹੈ।
ਇਸ ਮੌਕੇ ਮੈਂਬਰ ਲੋਕ ਸਭਾ ਹਲਕਾ ਸੰਗਰੂਰ ਭਗਵੰਤ ਮਾਨ, ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸਾਹੀਆ, ਹਲਕਾ ਵਿਧਾਇਕ ਮੋੜ ਜਗਦੇਵ ਸਿੰਘ ਕਮਾਲੂ, ਐਸ.ਐਸ.ਪੀ. ਡਾ. ਨਰਿੰਦਰ ਭਾਰਗਵ, ਐਸ.ਡੀ.ਐਮ. ਸਰਦੂਲਗੜ੍ਹ ਰਾਜਪਾਲ ਸਿੰਘ, ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤ ਇੰਦਰ ਸਿੰਘ ਮੋਫਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਸਿੰਘ ਮੋਫਰ, ਡੀ.ਐਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ, ਮੇਜਰ ਜਨਰਲ ਐਸ.ਪੀ. ਮਹਿਤਾ ਜੀ.ਓ.ਸੀ. 81 ਸਬ ਏਰੀਆ, ਕਮਾਂਡਿੰਗ ਅਫ਼ਸਰ ਏਅਰ ਡਿਫੈਂਸ ਰੈਜੀਮੈਂਟ ਅਤੇ ਉਨ੍ਹਾਂ ਦੀ ਟੀਮ, ਸੂਬੇਦਾਰ ਮੇਜਰ ਰਾਮ ਨਿਵਾਸ 3 ਗਾਰਡਜ਼, ਨਾਇਬ ਸੂਬੇਦਾਰ ਸ਼੍ਰੀ ਕੁਲਦੀਪ 21 ਰਾਸ਼ਟਰੀ ਰਾਇਫਲ, ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਸ਼੍ਰੀ ਐਮ.ਐਸ. ਰੰਧਾਵਾ ਤੋਂ ਇਲਾਵਾ ਪਿੰਡ ਦੇ ਮੋਹਤਵਰ ਵਿਅਕਤੀ ਸ਼ਾਮਿਲ ਸਨ।