ਦੂਰ-ਦੁਰਾਡੇ ਜਾਕੇ ਫੁੱਲ ਪਾਉਣ ਦੀ ਥਾਂ ਆਪਣੇ ਖੇਤਾਂ ਵਿੱਚ ਹੀ ਧੀ ਨੇ ਮਾਂ ਦੀ ਯਾਦ ਵਿੱਚ ਲਗਾਏ ਪੌਦੇ
ਮਾਨਸਾ, 29 ਮਾਰਚ( ਵਿਸ਼ਵਵਾਰਤਾ)-ਕਰੋਨਾ ਬਿਮਾਰੀ ਦੇ ਭਿਆਨਕ ਵਰਤਾਰੇ ਤੋਂ ਬਾਅਦ ਹੁਣ ਨਵੀਂਆਂ ਪਿਰਤਾਂ ਪੈਣ ਲੱਗੀਆਂ ਹਨ, ਅਜਿਹੀ ਹੀ ਨਿਵੇਕਲੀ ਪਿਰਤ ਕਿਸੇ ਹੋਰ ਨੇ ਨਹੀਂ, ਸਗੋਂ ਨਿੱਤ ਦਿਨ ਲੋਕਾਂ ਨੂੰ ਆਪਣੀਆਂ ਖ਼ਬਰਾਂ ਰਾਹੀਂ ਜਾਗਰੂਕ ਕਰਨ ਵਾਲੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜ਼ੋਗਿੰਦਰ ਸਿੰਘ ਮਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਾਈ ਗਈ ਹੈ,ਜਦੋਂ ਉਨ੍ਹਾਂ ਵੱਲੋਂ ਆਪਣੀ ਮ੍ਰਿਤਕ ਭੈਣ ਦੇ ਫੁੱਲ ਚੁਗਕੇ ਕਿਸੇ ਦੂਰ-ਦੁਰਾਡੇ ਧਾਰਮਿਕ ਸਥਾਨ ਦੀ ਥਾਂ ਪਿੰਡ ਮੂਸਾ ਦੇ ਹੀ ਖੇਤਾਂ ਵਿੱਚ ਪਾਕੇ ਪੌਦੇ ਲਗਾਏ ਗਏ ਅਤੇ ਪੌਦੇ ਲਗਾਉਣ ਦੀ ਰਸਮ ਮ੍ਰਿਤਕ ਦੀ ਧੀ 8 ਸਾਲਾ ਚਾਹਤ ਨੇ ਨਿਭਾਈ। ਇਸੇ ਵੇਲੇ ਬੇਸ਼ੱਕ ਮਾਹੌਲ ਬੇਹੱਦ ਭਾਵੁਕ ਸੀ,ਪਰ ਸੁਨੇਹਾ ਜ਼ਰੂਰ ਸਾਰਥਕ ਸੀ।
ਇਥੇ ਜ਼ਿਕਰਯੋਗ ਹੈ ਪੱਤਰਕਾਰ ਜ਼ੋਗਿੰਦਰ ਸਿੰਘ ਮਾਨ ਦੀ ਭੈਣ ਬਖਸ਼ਿੰਦਰ ਕੌਰ, ਜਿਸ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਅੱਜ ਫੁੱਲ ਚੁਗਣ ਦੀ ਰਸਮ ਨਿਭਾਉਂਦਿਆਂ ਖੇਤਾਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ।
ਆਮ ਇਕੱਠਾਂ ਦੇ ਮੁਕਾਬਲੇ ਚੋਣਵੇਂ ਵਿਅਕਤੀਆਂ ਵੱਲੋਂ ਇਸ ਸਾਰਥਿਕ ਰਸਮ ਮੌਕੇ ਲੋਕਾਂ ਸੁਨੇਹਾ ਦਿੱਤਾ ਗਿਆ ਕਿ ਜੇਕਰ ਵਰਤਮਾਨ ਸਮੇਂ ਦੌਰਾਨ ਭਿਆਨਕ ਪ੍ਰਦੂਸ਼ਣ ਅਤੇ ਗਲਤ ਵਰਤਾਰਿਆਂ ਨੂੰ ਰੋਕਣਾ ਹੈ ਤਾਂ ਸਭਨਾਂ ਨੂੰ ਸੁਚੇਤ ਹੋਕੇ ਨਵੀਂਆਂ ਉਸਾਰੂ ਰਸਮਾਂ ਦੀ ਸ਼ੁਰੂਆਤ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਰੋਨਾ ਵਰਗੀ ਬਿਮਾਰੀ ਦੇ ਵਾਪਰੇ ਕਹਿਰ ਤੋਂ ਬਾਅਦ ਵੀ ਨਹੀਂ ਸੰਭਲੇ ਤਾਂ ਭਵਿੱਖ ਵਿੱਚ ਵੀ ਅਜਿਹੀਆਂ ਘਾਤਕ ਬਿਮਾਰੀਆਂ ਦਾ ਸਾਨੂੰ ਸਾਹਮਣਾ ਕਰਨਾ ਪਵੇਗਾ, ਜਿਸ ਦਾ ਕਰੋਨਾ ਵਾਂਗੂ ਕੋਈ ਇਲਾਜ ਵੀ ਨਹੀਂ ਹੋਣਾ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਬਖਸ਼ਿੰਦਰ ਕੌਰ ਨੇ ਆਪਣੇ ਜੀਵਨ ਦੌਰਾਨ ਜਿੱਥੇ ਧੀਆਂ ਪ੍ਰਤੀ ਉਸਾਰੂ ਸੋਚ ਰੱਖਣਾ ਦਾ ਸੁਨੇਹਾ ਦਿੱਤਾ,ਉਥੇਂ ਉਹ ਵਾਤਾਵਰਣ ਦੀ ਸ਼ੁੱਧਤਾ ਲਈ ਹਮੇਸ਼ਾ ਹੀ ਗੰਭੀਰ ਸੀ,ਜਿਸ ਕਰਕੇ ਅੱਜ ਉਸੇ ਸੋਚ ਅਧੀਨ ਜਿੱਥੇ ਵਾਤਾਵਰਣ ਦੀ ਸ਼ੁੱਧਤਾ ਲਈ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ,ਉਥੇ ਇਹ ਰਸਮ ਵੀ ਉਨ੍ਹਾਂ ਦੀ ਧੀ ਵੱਲੋਂ ਨਿਭਾਈ ਗਈ।
ਇਸ ਮੌਕੇ ਹਾਜ਼ਰ ਨਹਿਰੂ ਯੁਵਾ ਕੇਂਦਰ ਦੇ ਪ੍ਰਬੰਧਕ ਲੇਖਾਕਾਰ ਸੰਦੀਪ ਘੰਡ, ਸੀਨੀਅਰ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ,ਜਗਮੀਤ ਸਿੰਘ ਮਾਨ,ਬਲਵੀਰ ਸਿੰਘ ਸਿੱਧੂ,ਮਨਪ੍ਰੀਤ ਸਿੰਘ,ਗਿਆਨੀ ਮੋਹਨ ਝੁਨੀਰ,ਐਸਡੀਓ ਸੰਜੀਵ ਕੁਮਾਰ,ਹਰਦਿਆਲ ਸਿੰਘ,ਹਰਦੀਪ ਸਿੰਘ ਸਿੱਧੂ,ਬਲਜੀਤ ਸਿੰਘ,ਲੱਕੀ ਜਿੰਦਲ,ਸਾਬਕਾ ਸਰਪੰਚ ਬਲਵਿੰਦਰ ਸਿੰਘ ਵੀ ਹਾਜ਼ਰ ਸਨ।
ਫੋਟੋ ਨੰ:5
ਫੋਟੋ ਕੈਪਸ਼ਨ: ਪਿੰਡ ਮੂਸਾ ਵਿਖੇ ਆਪਣੀ ਮਾਂ ਦੇ ਖੇਤਾਂ ਵਿੱਚ ਫੁੱਲ ਪਾਉਣ ਤੋਂ ਬਾਅਦ ਪੌਦਾ ਲਾਉਂਦੀ ਧੀ ਚਾਹਤ।