ਕੋਰੋਨਾ ਦੀ ਆੜ ਚ ਸਕੂਲ ਬੰਦ ਕਰਨ ਦੇ ਫਰਮਾਨ ਦੇ ਵਿਰੋਧ ਵਿੱਚ ਅਧਿਆਪਕ ਨਿਕਲੇ ਸੜਕਾਂ ਤੇ
ਸਰਕਾਰ ਖਿਲਾਫ ਕੀਤਾ ਪਿੱਟ ਸਿਆਪਾ
ਬਰੇਟਾ 23 ਮਾਰਚ (ਵਿਸ਼ਵ ਵਾਰਤਾ): ਕੋਰੋਨਾ ਮਹਾਮਾਰੀ ਦੀ ਆੜ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਅਕ ਅਦਾਰੇ ਬੰਦ ਕਰਨ ਦੇ ਫੈਸਲੇ ਤੇ ਭੜਕਦਿਆਂ ਅੱਜ ਵੱਖ-ਵੱਖ ਪ੍ਰਾਇਵੇਟ ਸਕੂਲਾਂ ਵਿੱਚ ਕੰਮ ਕਰਨ ਵਾਲੇ ਅਧਿਆਪਕਾਂ, ਕਲਰਕਾਂ ਅਤੇ ਸੇਵਾਦਾਰਾਂ ਵੱਲੋਂ ਜਿੱਥੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਉੱਥੇ ਅਧਿਆਪਕਾਂ ਵੱਲੋਂ ਤਖਤੀਆਂ ਬੈਨਰਾਂ ਰਾਹੀਂ ਹਰ ਗਲੀ ਮੁਹੱਲੇ ਵਿੱਚ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਨਾਅਰਾ ਦਿੱਤਾ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਾ ਕਰੋ, ਸਾਡੇ ਰੁਜ਼ਗਾਰ ਬਹਾਲ ਕਰੋ। ਇਸ ਮੌਕੇ ਤੇ ਪ੍ਰਾਇਵੇਟ ਸਕੂਲ ਐਸ਼ੋਸ਼ੀਏਸ਼ਨ ਵੱਲੋਂ ਵੀ ਸਰਕਾਰ ਦੇ ਸਕੂਲ ਬੰਦ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਅਧਿਆਪਕ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਸਕੂਲ ਬੰਦ ਕਰਨ ਦੀ ਬਜਾਏ ਸ਼ਰਾਬ ਦੇ ਠੇਕੇ ਕਿਉ ਨਹੀਂ ਬੰਦ ਕਰਦੀ ਜੋ ਹਰ ਪਿੰਡ ਅਤੇ ਸ਼ਹਿਰ ਵਿੱਚ ਸ਼ਾਮ ਸਵੇਰੇ ਭੀੜ ਦੀਆਂ ਰੋਣਕਾਂ ਨੂੰ ਕੋਰੋਨਾ ਦਾ ਖਤਰਾ ਕਿਉ ਨਹੀਂ। ਵਿਆਹਾਂ, ਸ਼ਾਦੀਆਂ, ਬੱਸਾਂ, ਇੱਕਠਾਂ, ਮਾਲਾਂ, ਵਿੱਚ ਬੱਚੇ ਪਰਿਵਾਰਾਂ ਨਾਲ ਜਾ ਸਕਦੇ ਹਨ ਸਕੂਲ ਕਿਉ ਨਹੀਂ। ਉਨ੍ਹਾ ਕਿਹਾ ਕਿ ਇਹ ਸਰਕਾਰ ਵੱਲੋਂ ਇੱਕ ਗਿਣੀ ਮਿੱਥੀ ਸ਼ਾਜ਼ਿਸ ਅਧੀਨ ਕੋਰੋਨਾ ਦੀ ਆੜ ਹੇਠ ਵਿਦਅਕ ਅਦਾਰਿਆਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਕਾਰਨ ਪ੍ਰਾਇਵੇਟ ਖੇਤਰ ਵਿੱਚ ਚੱਲ ਰਹੀ ਸਿੱਖਿਆ ਨੂੰ ਬੰਦ ਕਰਨ ਦੀ ਮਨਸਾ ਨਜਰ ਆ ਰਹੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਪ੍ਰਾਇਵੇਟ ਸਕੂਲਾਂ ਵਿੱਚ ਲੱਖਾਂ ਦੀ ਤਦਾਦ ਵਿੱਚ ਅਧਿਆਪਕ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਨ ਨੂੰ ਸਰਕਾਰ ਬੇਰੁਜ਼ਗਾਰ ਕਰਨ ਤੇ ਤੁੱਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਤੇ ਅਧਿਆਪਕ ਸਰਬਜੀਤ ਕੋਰ, ਅਖਿਲ ਤਨੇਜਾ, ਸੁਨੀਤਾ ਗਰਗ, ਸ਼ੁਸਮਾ ਰਾਣੀ, ਪਰਵਿੰਦਰ ਕੋਰ, ਸੰਜੀਵ ਸਿੰਗਲਾ, ਸੁਖਪ੍ਰੀਤ ਸਿੰਘ, ਜ਼ਸਪ੍ਰੀਤ ਸਿੰਘ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।