ਸੁਖਪਾਲ ਖਹਿਰਾ ਅਤੇ ਹੋਰਨਾਂ ਵਿਧਾਇਕਾਂ ਨੂੰ ਦੋ ਘੰਟਿਆਂ ਬਾਅਦ ਪੁਲੀਸ ਨੇ ਛੱਡਿਆ
ਮਾਨਸਾ, 7 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰਜ਼ਾ ਮੁਆਫ਼ੀ ਸਮਾਗਮ ਦਾ ਕਾਲੀਆਂ ਝµਡੀਆਂ ਲੈਕੇ ਸ਼ਹਿਰ ਦੇ ਦੂਸਰੇ ਹਿੱਸੇ ਵਿਚ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿµਘ ਖਹਿਰਾ ਸਮੇਤ ਅਮਨ ਅਰੋੜਾ, ਵਿਧਾਇਕ ਨਾਜਰ ਸਿµਘ ਮਾਨਸ਼ਾਹੀਆ, ਪ੍ਰਿੰਸੀਪਲ ਬੁੱਧ ਰਾਮ, ਪਿਰਮਲ ਸਿੰਘ ਅਤੇ ਜਗਦੇਵ ਸਿµਘ ਕਮਾਲੂ ਤੋਂ ਇਲਾਵਾ ਹੋਰਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲਿਆ, ਜਦੋਂ ਕਿ ਤਕਰੀਬਨ 2 ਘੰਟੇ ਥਾਣਾ ਜੋਗਾ ਵਿਖੇ ਰੱਖਣ ਤੋਂ ਬਾਅਦ ਛੱਡ ਦਿੱਤਾ। ਪਾਰਟੀ ਦੇ ਸ੍ਰੀ ਖਹਿਰਾ ਸਮੇਤ 6 ਵਿਧਾਇਕਾਂ ਨੂੰ ਮਾਨਸਾ ਪੁਲੀਸ ਨੇ ਉਸ ਵੇਲੇ ਹਿਰਾਸਤ ਵਿਚ ਲਿਆ, ਜਦੋਂ ਉਹ ਮੁੱਖ ਮੰਤਰੀ ਦੇ ਕਰਜਾ ਮੁਆਫੀ ਸਮਾਗਮ ਦਾ ਕਾਲੀਆਂ ਝੰਡੀਆਂ ਲੈਕੇ ਵਿਰੋਧ ਕਰਨ ਲਈ ਸਮਾਗਮ ਵਾਲੇ ਪਾਸੇ ਜਾ ਰਹੇ ਸਨ।
ਇਸ ਤੋਂ ਪਹਿਲਾਂ ਸਥਾਨਕ ਅਰਵਿੰਦ ਨਗਰ ਵਿਖੇ ਸਵੇਰ ਸਮੇਂ ਹੀ ਕੈਪਟਨ ਅਮਰਿµਦਰ ਸਿµਘ ਨੂੰ ਕਾਲੀਆਂ ਝµਡੀਆਂ ਦਿਖਾਉਣ ਲਈ ਸੁਖਪਾਲ ਸਿµਘ ਖਹਿਰਾ ਦੀ ਅਗਵਾਈ ਵਿਚ ‘ਆਪ* ਵਿਧਾਇਕ ਤੇ ਵਰਕਰ ਇਕੱਠੇ ਹੋਏ। ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਕਰਜ਼ਾ ਮੁਆਫੀ ਸਬੰਧੀ ਸਮਾਗਮ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਪੁੱਜਣ ਲਈ ਹੈਲੀਕਾਪਟਰ ਦੀ ਵਰਤੋਂ, ਗਾਇਕਾਂ ਦੇ ਪ੍ਰੋਗਰਾਮ ਕਰਵਾਉਣ ਅਤੇ ਬੇਲੋੜੇ ਪ੍ਰਬੰਧਾਂ ’ਤੇ ਕਰੋੜਾਂ ਰੁਪਏ ਦਾ ਫਾਲਤੂ ਖਰਚ ਕੀਤਾ ਗਿਆ ਹੈ, ਜਦੋਂ ਕਿ ਅਸਲੀਅਤ ਇਹ ਹੈ ਕਿ ਜਿੰਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਕਿਸਾਨ ਕਾਂਗਰਸ ਪੱਖੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਰਜ਼ਾ ਮੁਆਫੀ ਸੰਬੰਧੀ ਜਾਰੀ ਸੂਚੀ ਵਿੱਚ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਦਿਆਂ ਕਾਫੀ ਕਿਸਾਨਾਂ ਦੇ 3 ਰੁਪਏ, 7 ਰੁਪਏ, 10 ਰੁਪਏ, 1000 ਰੁਪਏ ਆਦਿ ਦੀ ਮੁਆਫੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨੀ ਨਾਗਰਿਕ ਮਹਿਲਾ ਅਰੂਸਾ ਨੂੰ ਥਾਂ^ਥਾਂ ਘੁੰਮਾ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਪੰਜਾਬੀਆਂ ਦਾ ਕੋਈ ਫਿਕਰ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਨਣ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਰਹਿਣ ਦੇ ਸਮੇਂ ਦੌਰਾਨ ਸੂਬੇ ਅਤੇ ਕਿਸਾਨੀ ਦਾ ਕੁੱਝ ਨਹੀਂ ਸੰਵਾਰਿਆ, ਸਗੋਂ ਆਪਣੇ ਘਰ ਭਰੇ ਹਨ। ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲੁੱਟਕੇ ਖੁਦ ਹਜ਼ਾਰਾਂ ਕਰੋੜਾਂ ਰੁਪਇਆਂ ਦੇ ਮਾਲਕ ਬਣ ਗਏ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਖੁਦਕਸ਼ੀਆਂ ਲਈ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ।
ਇਸੇ ਦੌਰਾਨ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠ ਬੋਲਕੇ ਲੋਕਾਂ ਨੂੰ ਮੂਰਖ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕੈਪਟਨ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਉਨ੍ਹਾਂ ਵੱਲੋ ਸੱਤਾ ਹਾਸਿਲ ਕਰਨ ਲਈ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਦੀ ਮੁਆਫੀ ਦੇ ਵਾਅਦੇ ਤੋਂ ਭੱਜਦਿਆਂ ਸਿਰਫ ਸਹਿਕਾਰੀ ਸੁਸਾਇਟੀਆਂ ਦਾ ਕਰਜਾ ਮੁਆਫ ਕਰਨ ਦਾ ਡਰਾਮਾ ਕੀਤਾ ਗਿਆ ਹੈ ਅਤੇ ਇਹ ਕਿਸਾਨ ਭਰਾਵਾਂ ਨਾਲ ਧੋਖਾਧੜੀ ਹੋਈ ਹੈ।
ਇਸ ਸਮੇਂ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮੌੜ ਜਗਦੇਵ ਸਿੰਘ ਕਮਾਲੂ ਅਤੇ ਵਿਧਾਇਕ ਭਦੌੜ ਪਿਰਮਲ ਸਿੰਘ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜਾਰੀ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਬਠਿµਡਾ ਜੋਨ ਇੰਚਾਰਜ ਅਨਿਲ ਠਾਕੁਰ, ਜ਼ਿਲ੍ਹਾ ਪ੍ਰਧਾਨ ਮਾਨਸਾ ਗੁਰਵਿੰਦਰ ਸਿੰਘ ਖੱਤਰੀਵਾਲਾ, ਗੁਰਦੀਪ ਸਿੰਘ ਗੈਹਟੀ, ਭੋਲਾ ਸਿੰਘ ਮਾਨ, ਨਾਇਬ ਸਿੰਘ ਝੁਨੀਰ, ਗੁਰਪ੍ਰੀਤ ਸਿੰਘ ਭੁੱਚਰ, ਦੀਪਕ ਬਾਂਸਲ ਨੇ ਵੀ ਸੰਬੋਧਨ ਕੀਤਾ।
ਬਾਅਦ ਵਿਚ ਇਕੱਤਰ ਲੱਗਭਗ 250 ‘ਆਪ* ਵਰਕਰਾਂ ਨੇ ਅਨਾਜ ਮੰਡੀ ਵਿੱਚ ਨਿਰਧਾਰਤ ਸੂਬਾ ਪੱਧਰੀ ਸਰਕਾਰੀ ਸਮਾਗਮ ਵੱਲ ਕੂਚ ਕਰਨ ਦੀ ਕੋਸ਼ਿਸ ਕੀਤੀ ਤਾਂ ਮੌਕੇ ਤੇ ਹਾਜ਼ਰ ਐਸਐਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਰੋਕਿਆ ਗਿਆ। ਇੱਥੇ ਤਾਇਨਾਤ ਲੱਗਭਗ 400 ਪੁਲੀਸ ਕਰਮਚਾਰੀਆਂ ਨੇ ਸੁਖਪਾਲ ਸਿੰਘ ਖਹਿਰਾ ਸਮੇਤ ਉਕਤ ਸਮੁੱਚੇ ਵਿਧਾਇਕਾਂ ਅਤੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪੰਜਾਬ ਪੁਲੀਸ ਦੀਆਂ ਬੱਸਾਂ ਵਿੱਚ ਬਿਠਾਕੇ ਜੋਗਾ ਥਾਣੇ ਭੇਜ ਦਿੱਤਾ, ਜਿੱਥੋਂ ਉਨ੍ਹਾਂ ਨੂੰ ਬਾਅਦ ਦੁਪਹਿਰ ਛੱਡ ਦਿੱਤਾ ਗਿਆ।