ਕਣਕ ਦੀ ਰਿਕਾਰਡ ਤੋੜ ਖਰੀਦ-ਕਿਸਾਨਾਂ ਨੂੰ ਵੀ 760 ਕਰੋੜ ਰੁਪੈ ਦੀ ਅਦਾਇਗੀ

29
Advertisement

 

ਕਣਕ ਦੀ ਰਿਕਾਰਡ ਤੋੜ ਖਰੀਦ-ਕਿਸਾਨਾਂ ਨੂੰ ਵੀ 760 ਕਰੋੜ ਰੁਪੈ ਦੀ ਅਦਾਇਗੀ

ਖਰੀਦ ਦਾ ਸੀਜ਼ਨ ਲਗਭਗ ਮੁਕੰਮਲ-ਪਿਛਲੇ ਸਾਲ ਨਾਲੋਂ 20 ਫੀਸਦੀ ਵੱਧ ਹੋਈ ਕਣਕ ਦੀ ਖਰੀਦ

ਕਪੂਰਥਲਾ, 15 ਮਈ (ਵਿਸ਼ਵ ਵਾਰਤਾ):- ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਲਗਭਗ ਮੁਕੰਮਲ ਹੋ ਗਈ ਹੈ ਅਤੇ ਇਸ ਵਾਰ ਰਿਕਾਰਡ ਖਰੀਦ ਨਾਲ ਖਰੀਦ ਦੇ ਮਿੱਥੇ ਟੀਚੇ ਤੋਂ ਲਗਭਗ 20 ਫੀਸਦੀ ਕਣਕ ਵੱਧ ਖਰੀਦੀ ਗਈ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਿਛਲੇ ਸਾਲ 315372 ਮੀਟਰਕ ਟਨ ਦੇ ਮੁਕਾਬਲੇ ਇਸ ਵਾਰ 377034 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 19.55 ਫੀਸਦੀ ਵੱਧ ਹੈ।

ਮੰਡੀਆਂ ਵਿਚ ਆਈ ਸਾਰੀ ਕਣਕ ਨੂੰ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦਿਆ ਗਿਆ ਹੈ।  ਖਰੀਦ ਏਜੰਸੀਆਂ ਵਿਚੋਂ ਪਨਗਰੇਨ ਨੇ 99072 ਮੀਟਰਕ ਟਨ ਨਾਲ ਸਭ ਤੋਂ ਵੱਧ ਖਰੀਦ ਕੀਤੀ ਹੈ ਜਦਕਿ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 88737, ਪਨਸਪ ਨੇ 87337, ਮਾਰਕਫੈਡ ਨੇ 82581 , ਕੇਂਦਰੀ ਖੁਰਾਕ ਨਿਗਮ ਨੇ 1794 ਤੇ ਨਿੱਜੀ ਖਰੀਦਦਾਰਾਂ ਨੇ 17361 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਜਿਲ੍ਹੇ ਵਿਚ ਲਿਫਟਿੰਗ ਦਾ ਕੰਮ ਵੀ ਸਮਾਪਤੀ ਵੱਲ ਹੈ ਅਤੇ ਬੀਤੇ ਕੱਲ੍ਹ ਤੱਕ ਹੀ 349362 ਮੀਟਰਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ ਜੋ ਕਿ 93.11 ਫੀਸਦੀ ਬਣਦਾ ਹੈ।

ਕਿਸਾਨਾਂ ਨੂੰ ਹੋਈ ਅਦਾਇਗੀ ’ਤੇ ਪੂਰਨ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਜਿੱਥੇ ਕਣਕ ਦੀ ਖਰੀਦ ਦੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਯਕੀਨੀ ਬਣਾਈ ਗਈ ਉੱਥੇ ਹੀ ਮੰਡੀਆਂ ਵਿਚ ਆਈ ਸਾਰੀ ਕਣਕ ਦੀ ਸੁਚਾਰੂ ਤਰੀਕੇ ਨਾਲ ਖਰੀਦ ਯਕੀਨੀ ਬਣਾਈ ਗਈ। ਬੀਤੇ ਕੱਲ੍ਹ ਤੱਕ ਕਿਸਾਨਾਂ ਨੂੰ 760.45 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਕਣਕ ਦੀ ਭਰਪੂਰ ਪੈਦਾਵਾਰ ਲਈ ਕਿਸਾਨਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ, ਆੜ੍ਹਤੀਆਂ , ਪ੍ਰਸ਼ਾਸ਼ਨਿਕ ਅਧਿਕਾਰੀਆਂ ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ  ਤੇ ਕਰਮਚਾਰੀਆਂ ਵਲੋਂ ਬਿਹਤਰੀਨ ਤਾਲਮੇਲ ਨਾਲ ਸਮੁੱਚੀ ਖਰੀਦ ਪ੍ਰਕਿ੍ਰਆ ਪੂਰੀ ਤਨਦੇਹੀ ਨਾਲ ਨੇਪਰੇ ਚੜ੍ਹਾਈ ਗਈ।

 

Advertisement