Advertisement

ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਕੇਸ ਦੀ ਪੈਰਵਾਈ ਠੀਕ ਤਰੀਕੇ ਨਾਲ ਨਾ ਕੀਤੇ ਜਾਣ ਕਾਰਨ ਐਸ.ਸੀ. ਭਾਈਚਾਰੇ ਸਬੰਧੀ ਕਾਨੂੰਨ ਹੋਇਆ ਕਮਜੋਰ
ਚੰਡੀਗੜ, 27 ਮਾਰਚ
ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਐਸ.ਸੀ. ਬੱਚਿਆਂ ਦੀ ਪੋਸਟ ਮੈਟ੍ਰਿਕ ਵਜੀਫਾ ਸਕੀਮ ਤਹਿਤ 1615.79 ਕਰੋੜ ਰੁਪਏ ਦਾ ਬਕਾਇਆ ਜਾਰੀ ਨਾ ਕੀਤੇ ਜਾਣ ਖਿਲਾਫ ਪੰਜਾਬ ਦੇ ਸਾਂਸਦਾਂ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਵਿਚ ਸੰਸਦ ਭਵਨ ਦੇ ਬਾਹਰ ਮੋਦੀ ਸਰਕਾਰ ਖਿਲਾਫ ਰੋਸ਼ ਵਿਖਾਵਾ ਕੀਤਾ।
ਇਸ ਮੌਕੇ ਪੰਜਾਬ ਨਾਲ ਸਬੰਧਤ ਸਾਂਸਦ ਸ੍ਰੀ ਸੰਤੋਖ ਚੌਧਰੀ, ਸ: ਰਵਨੀਤ ਸਿੰਘ ਬਿੱਟੂ ਅਤੇ ਸ: ਗੁਰਜੀਤ ਸਿੰਘ ਔਜਲਾ ਸਮੇਤ ਗੱਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਕੇਂਦਰ ਸਰਕਾਰ ਅਨੁਸੂਚਿਤ ਜਾਤੀਆਂ ਪ੍ਰਤੀ ਅਸੰਵੇਦਨਸ਼ੀਲ ਹੈ ਅਤੇ ਪਿੱਛੜੀਆਂ ਸ਼ੇ੍ਰਣੀਆਂ ਦੇ ਹਿੱਤਾਂ ਦੀ ਮੋਦੀ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਰਾਜ ਦੇ ਐਸ.ਸੀ. ਬੱਚਿਆਂ ਦੇ ਪੋਸਟ ਮੈਟ੍ਰਿਕ ਵਜੀਫਿਆਂ ਦੇ ਰੋਕੇ ਬਕਾਏ ਵਿਚ ਸਾਲ 2015 16 ਦੇ 328.72 ਕਰੋੜ ਰੁਪਏ, ਸਾਲ 2016 17 ਦੇ 719.52 ਕਰੋੜ ਰੁਪਏ ਅਤੇ ਸਾਲ 2017 18 ਦੇ 567.55 ਕਰੋੜ ਰੁਪਏ ਸ਼ਾਮਿਲ ਹਨ। ਉਨਾਂ ਸਪੱਸਟ ਕੀਤਾ ਕਿ ਇਸ ਸਕੀਮ ਤਹਿਤ ਰਾਜ ਸਰਕਾਰ ਨੂੰ ਕੇਂਦਰ ਸਰਕਾਰ ਨੇ ਸਾਲ 2017 18 ਦੌਰਾਨ ਜੋ 115.73 ਕਰੋੜ ਰੁਪਏ ਭੇਜੇ ਸਨ ਉਸਦਾ ਵਰਤੋਂ ਸਰਟੀਫਿਕੇਟ ਵਿਚ ਕੇਂਦਰ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ ਪਰ ਫਿਰ ਵੀ ਕੇਂਦਰ ਸਰਕਾਰ ਬਕਾਇਆ ਫੰਡ ਜਾਰੀ ਨਹੀਂ ਕਰ ਰਹੀ ਹੈ ਕਿਉੁਂਕਿ ਇਸ ਸਰਕਾਰ ਨੂੰ ਐਸ.ਸੀ. ਬੱਚਿਆਂ ਦੀ ਪੜਾਈ ਦਾ ਕੋਈ ਫਿਕਰ ਨਹੀਂ ਹੈ। ਉਨਾਂ ਕਿਹਾ ਕਿ ਇਹ ਰਾਸ਼ੀ ਜਾਰੀ ਨਾ ਹੋਣ ਕਾਰਨ ਕਰਕੇ ਪੰਜਾਬ ਰਾਜ ਜਿਸ ਵਿਚ 32 ਫੀਸਦੀ ਅਬਾਦੀ ਐਸ.ਸੀ. ਭਾਈਚਾਰੇ ਨਾਲ ਸਬੰਧਤ ਹੈ ਦੇ 9,14,132 ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਕਾਰਨ ਬੱਚਿਆਂ ਦੀ ਉਚੇਰੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ ਅਤੇ ਬੱਚਿਆਂ ਨੂੰ ਆਪਣੀ ਪੜਾਈ ਵਿਚਾਲੇ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਪੰਜਾਬ ਦੇ ਬੱਚਿਆਂ ਲਈ ਇਹ ਵਜੀਫੇ ਦੀ ਰਕਮ ਜਾਰੀ ਕਰੇ।
ਇਸੇ ਹੀ ਤਰਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਐਸ.ਸੀ. ਭਾਈਚਾਰਿਆਂ ਸਬੰਧੀ ਇਕ ਹੋਰ ਮੁੱਦੇ ਤੇ ਗੱਲ ਕਰਦਿਆਂ ਆਖਿਆ ਹੈ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਐਸ.ਸੀ. ਐਸ.ਟੀ. ਐਕਟ ਸਬੰਧੀ ਕੇਸ ਦੀ ਪੈਰਵਾਈ ਸਹੀ ਤਰੀਕੇ ਨਾਲ ਨਹੀਂ ਕੀਤੀ ਹੈ ਜਿਸ ਕਾਰਨ ਐਸ.ਸੀ.ਐਸ.ਟੀ. ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਲਈ ਬਣਾਇਆ ਇਹ ਕਾਨੂੰਨ ਕਮਜੋਰ ਹੋ ਗਿਆ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਵਿਚ ਪੂਨਰ ਵਿਚਾਰ ਜਾਚਿਕਾ ਪਾਉਣੀ ਚਾਹੀਦੀ ਹੈ ਅਤੇ ਇਸ ਸਬੰਧੀ ਤੁਰੰਤ ਸਦਨ ਵਿਚ ਚਰਚਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਮਸਲਾ ਦੇਸ਼ ਦੇ ਕਰੋੜਾਂ ਉਨਾਂ ਲੋਕਾਂ ਨਾਲ ਜੁੜਿਆ ਹੋਇਆ ਹੈ ਜਿੰਨਾਂ ਨੂੰ ਸਮਾਜ ਨੇ ਸਦੀਆਂ ਤੱਕ ਹਾਸੀਏ ਤੇ ਰੱਖਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਵਰਤਮਾਨ ਮਾਮਲੇ ਕਾਰਨ ਕੇਂਦਰ ਸਰਕਾਰ ਦਾ ਐਸ.ਸੀ. ਐਸ.ਟੀ. ਵਿਰੋਧੀ ਚਿਹਰਾ ਰਾਸ਼ਟਰ ਸਾਹਮਣੇ ਬੇਨਕਾਬ ਹੋ ਗਿਆ ਹੈ। ਉਨਾਂ ਨੇ ਆਖਿਆ ਹੈ ਕੇਂਦਰ ਸਰਕਾਰ ਦੀ ਨੀਅਤ ਵਿਚ ਖੋਟ ਹੈ ਅਤੇ ਇਹ ਸਰਕਾਰ ਜਾਣਬੁੱਝ ਕੇ ਐਸ.ਸੀ. ਭਾਈਚਾਰਿਆਂ ਦੇ ਹਿੱਤਾਂ ਦਾ ਘਾਣ ਕਰ ਰਹੀ ਹੈ।
ਸ੍ਰੀ ਜਾਖੜ ਨੇ ਆਖਿਆ ਕਿ ਅਜਿਹੇ ਮਸਲੇ ਸਦਨ ਵਿਚ ਨਾ ਵਿਚਾਰੇ ਜਾਣ ਇਸੇ ਲਈ ਐਨ.ਡੀ.ਏ. ਸਰਕਾਰ ਜਾਣਬੁੱਝ ਕੇ ਆਪਣੇ ਸਹਿਯੋਗੀਆਂ ਨਾਲ ਸਾਜਬਾਜ ਹੋ ਕੇ ਸਦਨ ਦੀ ਕਾਰਵਾਈ ਨੂੰ ਰੋਕ ਰਹੀ ਹੈ ਤਾਂ ਜੋ ਵਿਰੋਧੀ ਧਿਰ ਸਰਕਾਰ ਦੀ ਜਵਾਬਦੇਹੀ ਤੈਅ ਨਾ ਕਰ ਸਕੇ। ਉਨਾਂ ਕਿਹਾ ਕਿ ਪਿੱਛਲੇ 16 ਦਿਨ ਤੋਂ ਸਦਨ ਦੀ ਕਾਰਵਾਈ ਨਹੀਂ ਚੱਲ ਰਹੀ ਹੈ ਪਰ ਕੇਂਦਰ ਸਰਕਾਰ ਇਸ ਸਬੰਧੀ ਕੋਈ ਉਪਰਾਲਾ ਨਹੀਂ ਕਰ ਰਹੀ ਹੈ ਜਿਸ ਤੋਂ ਇਸ ਸਰਕਾਰ ਵਿਚ ਪਨਪ ਰਹੀਆਂ ਤਾਨਾਸਾਹੀ ਰੂਚੀਆਂ ਦਾ ਪ੍ਰਗਟਾਵਾ ਹੁੰਦਾ ਹੈ ਜੋ ਕਿ ਇਸ ਦੇਸ਼ ਦੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਲਈ ਬਹੁਤ ਘਾਤਕ ਸਿੱਧ ਹੋਵੇਗਾ।
Advertisement