ਐਸ.ਸੀ. ਕਮਿਸ਼ਨ ਪੰਜਾਬ ਦੀ ਤਿੰਨ ਮੈਂਬਰੀ ਟੀਮ ਵਲੋਂ ਪਿੰਡ ਸੇਰੋਂ ਬਾਘਾ ਦਾ ਦੌਰਾ 30 ਮਾਰਚ ਨੂੰ
ਜਲੰਧਰ 25 ਮਾਰਚ 2021 (ਵਿਸ਼ਵ ਵਾਰਤਾ0-ਐਸ.ਸੀ. ਕਮਿਸ਼ਨ ਪੰਜਾਬ ਦੀ ਤਿੰਨ ਮੈਂਬਰੀ ਟੀਮ ਵਲੋਂ 30 ਮਾਰਚ ਨੂੰ ਪਿੰਡ ਸੇਰੋਂ ਬਾਘਾ ਤਹਿਸੀਲ ਬਾਬਾ ਬਕਾਲਾ,ਅੰਮ੍ਰਿਤਸਰ ਦੀ ਨੂੰਹ ਦੀ ਸ਼ਿਕਾਇਤ ’ਤੇ ਦੌਰਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਬਿਆਸ ਅਧੀਨ ਆਉਂਦੇ ਪਿੰਡ ਸੇਰੋਂ ਬਾਘਾ ਵਿਖੇ ਦਲਿਤ ਪਰਿਵਾਰ ਨਾਲ ਕੀਤੀ ਜਾ ਰਹੀ ਜ਼ਿਆਦਤੀ ਦਾ ਮਾਮਲਾ ਕੌਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ.) ਦੇ ਸੁਪਰੀਮੋ ਸਤਨਾਮ ਸਿੰਘ ਗਿੱਲ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਉਠਾਇਆ ਗਿਆ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ.ਤਰਸੇਮ ਸਿੰਘ ਸਿਆਲਕਾ, ਸ੍ਰੀ ਗਿਆਨ ਚੰਦ ਦੀਵਾਲੀ, ਸ੍ਰੀ ਦੀਪਕ ਕੁਮਾਰ, ਸ੍ਰੀ ਕੁਮਾਰ ਹੰਸ ਨੇ ਦੱਸਿਆ ਕਿ ਪੀੜਤ ਦਲਿਤ ਔਰਤ ਸੁਰਿੰਦਰਪਾਲ ਕੌਰ ਵਲੋਂ ਕਮਿਸ਼ਨ ਪਾਸ ਸ਼ਿਕਾਇਤ ਦੀ ਕਾਪੀ ਸੌਂਪੀ ਗਈ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਦੀਆਂ ਹਦਾਇਤਾਂ ਹੇਠ ਐਸ.ਸੀ. ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਵਲੋਂ 30 ਮਾਰਚ 2021 ਨੂੰ ਬਾਅਦ ਦੁਪਹਿਰ ਨੂੰ ਪੁਲਿਸ ਥਾਣਾ ਬਿਆਸ ਅਧੀਨ ਆਉਂਦੇ ਪਿੰਡ ਸੇਰੋਂ ਬਾਘਾ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਲਿਤ ਪੀੜਤ ਮਹਿਲਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡੀ.ਐਸ.ਪੀ.ਬਾਬਾ ਬਕਾਲਾ ਨੂੰ ਕਿਹਾ ਗਿਆ ਹੈ ਤਾਂ ਜੋ ਜਿੰਨੀ ਦੇਰ ਕਮਿਸ਼ਨ ਵਲੋਂ ਸ਼ਿਕਾਇਤ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੀੜਤਾਂ ਨੂੰ ਪੁਲਿਸ ਦੀ ਨਿਗਰਾਨੀ ਹੇਠ ਸੁਰੱਖਿਅਤ ਰੱਖਿਆ ਜਾਵੇ।