ਮਾਨਸਾ, 4 ਮਈ( ਵਿਸ਼ਵ ਵਾਰਤਾ)- ਪੁਲਸ ਦੇ ਮੁੱਢਲੀ ਕਤਾਰ ਦੇ ਯੋਧੇ ਜਿੱਥੇ ਕੋਵਿਡ-19 ਦੀ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਨ, ਉਥੇ ਹੀ ਭਾਰਤੀ ਫੌਜ ਦੇ ਮੁੱਢਲੀ ਕਤਾਰ ਦੇ ਯੋਧੇ ਰਾਸ਼ਟਰੀ ਪੱਧਰ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੂਰੀ ਤਾਕਤ ਨਾਲ ਲੜਾਈ ਲੜ ਰਹੇ ਹਨ। ਦੇਸ਼ ਇੰਨ੍ਹਾਂ ਮਹਾਨ ਸਪੂਤਾਂ ਪ੍ਰਤੀ ਸਨਮਾਨ ਪੇਸ਼ ਕਰਦਾ ਹੈ ਜੋ ਹਮੇਸ਼ਾ ਫਰਜ਼ਾਂ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ।
ਸੀਨੀਅਰ ਕਪਤਾਨ ਪੁਲੀਸ, ਮਾਨਸਾ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਮੌਜੂਦਾ ਸਮੇਂ ਅਸੀਂ ਬਹੁਤ ਬੁਰੇ ਹਾਲਾਤ ਵਿਚੋਂ ਗੁਜ਼ਰ ਰਹੇ ਹਾਂ ਕਿਉਂਕਿ ਜਿੱਥੇ ਇੱਕ ਪਾਸੇ ਕੋਵਿਡ-19 ਵਰਗੀ ਮਹਾਂਮਾਰੀ ਦਾ ਪਸਾਰ ਰੋਕਣਾ ਜਰੂਰੀ ਹੈ, ਉਥੇ ਦੂਜੇ ਪਾਸੇ ਅੱਤਵਾਦ/ਸਮਾਜ ਵਿਰੋਧੀ ਅਨਸਰਾਂ ਦੀਆਂ ਕਾਰਵਾਈਆਂ ਪ੍ਰਤੀ ਸੁਚੇਤ ਰਹਿਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਮਾਨਸਾ ਜਿਲ੍ਹੇ ਦੇ ਪਿੰਡ ਰਾਜਰਾਣਾ ਦਾ ਸਪੂਤ ਜੰਮੂ ਕਸ਼ਮੀਰ ਦੇ ਹੰਦਵਾੜਾ ਮੁਕਾਬਲੇ ਦੌਰਾਨ ਅੱਤਵਾਦੀਆਂ ਨਾਲ ਲੜਾਈ ਕਰਦਾ ਹੋਇਆ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਹੈ। ਜਿੱਥੇ ਭਾਰਤੀ ਫੌਜ ਦੇ 4 ਸਪੂਤਾਂ ਦੇ ਨਾਲ ਜੰਮੂ ਕਸ਼ਮੀਰ ਪੁਲੀਸ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ਦਾ ਇਹ ਵੀਰ ਨਾਇਕ ਰਾਜੇਸ਼ ਕੁਮਾਰ, ਜੋ 21 ਰਾਸ਼ਟਰੀ ਰਾਈਫਲਜ਼ ਵਿੱਚ ਸੇਵਾਵਾਂ ਨਿਭਾ ਰਿਹਾ ਸੀ।
ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਖੁਦ ਪਿੰਡ ਰਾਜਰਾਣਾ ਵਿਖੇ ਪੁੱਜ ਕੇ ਇਸ ਵੀਰ ਸੈਨਿਕ ਦੇ ਸ਼ੋਕ੍ਰਗ੍ਰਸਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਸ ਵਿੱਚ ਸ਼ਹੀਦ ਦਾ ਪਿਤਾ ਸ਼੍ਰੀ ਰਾਮ ਸਿੰਘ, ਮਾਤਾ ਸ਼੍ਰੀਮਤੀ ਵਿਦਾਸੀ ਦੇਵੀ, ਭਰਾ ਸ਼੍ਰੀ ਸੁਭਾਸ਼ ਕੁਮਾਰ, ਸ਼੍ਰੀ ਦੇਵੀ ਲਾਲ ਅਤੇ ਦੋ ਸ਼ਾਦੀਸ਼ੁਦਾ ਭੈਣਾਂ ਸ਼ਾਮਲ ਹਨ। ਇਸ ਮੌਕੇ ਪਿੰਡ ਦੇ ਮੋਹਤਬਰ ਸ਼ਖਸ਼ ਵੀ ਹਾਜ਼ਰ ਸਨ। ਜਿੰਨ੍ਹਾਂ ਐਸ.ਐਸ.ਪੀ. ਮਾਨਸਾ ਨੂੰ ਦੱਸਿਆ ਕਿ ਸ਼ਹੀਦ ਨਾਇਕ ਰਾਜੇਸ਼ ਕੁਮਾਰ ਸਾਲ੍ਰ2010 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ 29 ਸਾਲ ਦੀ ਭਰ ਜਵਾਨੀ ਵਿੱਚ ਉਸਨੇ ਆਪਣੀ ਕੀਮਤੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਕਾਫੀ ਗਰੀਬੀ ਦੀ ਹਾਲਤ ਵਿੱਚ ਥੋੜ੍ਹੀ ਜਿਹੀ ਜ਼ਮੀਨ ਠੇਕੇ ਤੇ ਲੈ ਕੇ ਗੁਜ਼ਾਰਾ ਕਰ ਰਿਹਾ ਹੈ ਅਤੇ ਸ਼ਹੀਦ ਨਾਇਕ ਰਾਜੇਸ਼ ਕੁਮਾਰ ਹੀ ਇੰਨ੍ਹਾਂ ਦੇ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ ਜਿਸਨੇ ਇਸੇ ਕਾਰਣ ਅਜੇ ਤੱਕ ਸ਼ਾਦੀ ਵੀ ਨਹੀਂ ਕਰਵਾਈ ਸੀ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਿਹਾ ਕਿ ਇਸ ਸ਼ਹੀਦ ਦੀ ਸ਼ਹਾਦਤ ਲਾਸਾਨੀ ਹੈ ਅਤੇ ਇਹ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਸਾਨੂੰ ਅਜਿਹੇ ਯੋਧਿਆਂ ਤੇ ਹਮੇਸ਼ਾ ਮਾਣ ਹੈ ਜੋ ਸਮਾਜ ਅਤੇ ਦੇਸ਼ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਸ਼ਹਾਦਤ ਅਤਿਅੰਤ ਕੀਮਤੀ ਹੈ। ਭਾਵੇਂ ਇਹ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਪਰ ਉਸਦੀ ਕੁਰਬਾਨੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਫਸੋਸ ਕਰਨ ਦੀ ਬਜਾਏ ਇਸ ਪ੍ਰਤੀ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਇਤਨੀ ਵੱਡੀ ਕੁਰਬਾਨੀ ਦਿੱਤੀ ਹੈ ਜਿਸਤੇ ਅੱਜ ਪੂਰੇ ਪਿੰਡ, ਜਿਲ੍ਹੇ, ਰਾਜ ਅਤੇ ਦੇਸ਼ ਨੂੰ ਮਾਣ ਹੈ। ਐਸ.ਐਸ.ਪੀ. ਮਾਨਸਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪੁਲੀਸ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਦੁੱਖ ਤਕਲੀਫ ਦੂਰ ਕਰਨ ਲਈ ਹਮੇਸ਼ਾ ਵਚਨਬੱਧ ਰਹੇਗੀ।
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Latest News: ਤ੍ਰਿਪੁਰਾ ਦੇ ਰਾਜਪਾਲ ਸ੍ਰੀ ਇੰਦਰਾ ਸੇਨਾ ਰੈਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਜੈਤੋ ,5 ਅਕਤੂਬਰ (ਰਘੂਨੰਦਨ...