ਐਸ.ਐਮ.ਓ. ਡਾ.ਅਲਕਜੋਤ ਕੌਰ ਵਲੋਂ ਪਿੰਡ ਚੰਦਪੁਰ ਦਾ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ
ਬੂਥਗੜ੍ਹ, 13 ਅਪ੍ਰੈਲ(ਵਿਸ਼ਵ ਵਾਰਤਾ)- : ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਮਮਤਾ ਦਿਵਸ ਮੌਕੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿਹਤ ਕੇਂਦਰ ਬੜੌਦੀ ਅਧੀਨ ਪੈਂਦੇ ਪਿੰਡ ਚੰਦਪੁਰ ਦੇ ਆਂਗਨਵਾੜੀ ਕੇਂਦਰ ਵਿਚ ਪਹੁੰਚ ਕੇ ਨਿਰੀਖਣ ਕੀਤਾ ਅਤੇ ਜ਼ਰੂਰੀ ਹਦਾਇਤਾਂ ਦਿਤੀਆਂ। ਐਸ.ਐਮ.ਓ. ਨੇ ਗਰਭਵਤੀ ਔਰਤਾਂ ਅਤੇ ਨਵ-ਜੰਮੇ ਬੱਚਿਆਂ ਦੇ ਟੀਕਾਕਰਨ, ਉਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਰਜਿਸਟਰੇਸ਼ਨ ਅਤੇ ਜਾਂਚ ਸਮੇਤ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਜਾਣਿਆ। ਐਸ.ਐਮ.ਓ. ਨੇ ਦਸਿਆ ਕਿ ਸਿਹਤ ਬਲਾਕ ਬੂਥਗੜ੍ਹ ਅਧੀਨ ਵੱਖ-ਵੱਖ ਪਿੰਡਾਂ ਵਿਚ ਹਰ ਬੁੱਧਵਾਰ ਨੂੰ ਟੀਕਾਕਰਨ ਸੈਸ਼ਨ ਲਗਾਏ ਜਾਂਦੇ ਹਨ ਜਿਨ੍ਹਾਂ ਵਿਚ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਮਾਰੂ ਬੀਮਾਰੀਆਂ ਤੋਂ ਬਚਾਅ ਲਈ ਰੂਟੀਨ ਟੀਕਾਕਰਨ ਕੀਤਾ ਜਾਂਦਾ ਹੈ। ਪੀ.ਐਚ.ਸੀ. ਬੂਥਗੜ੍ਹ ਵਿਖੇ ਟੀਕਾਕਰਨ ਸੈਸ਼ਨ ਪੱਕੇ ਤੌਰ ’ਤੇ ਹਰ ਬੁੱਧਵਾਰ ਨੂੰ ਲਗਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਤਮਾਮ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਰੂਟੀਨ ਅਤੇ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ।
ਡਾ. ਅਲਕਜੋਤ ਕੌਰ ਨੇ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਨਿਯਮਿਤ ਜਾਂਚ ਅਤੇ ਜਣੇਪਾ ਸਰਕਾਰੀ ਸਿਹਤ ਸੰਸਥਾ ਵਿਚ ਕਰਵਾਉਣ। ਉਨ੍ਹਾਂ ਦਸਿਆ ਕਿ ਜਨਨੀ ਸੁਰੱਖਿਆ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ ਸਿਹਤ ਸਹੂਲਤਾਂ ਦੇ ਨਾਲ-ਨਾਲ ਵਿੱਤੀ ਸਹਾਇਤਾ ਵੀ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ ਅਧੀਨ ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਨੂੰ ਮੁਫ਼ਤ ਸਿਹਤ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਗਰਭਵਤੀ ਔਰਤ ਦੀ ਰਜਿਸਟਰੇਸ਼ਨ ਤੋਂ ਲੈ ਕੇ ਜਣੇਪਾ ਤਕ ਸਾਰੇ ਚੈਕਅੱਪ ਅਤੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਸਾਧਾਰਣ ਜਣੇਪੇ ਅਤੇ ਸੀਜੇਰੀਅਨ ਹੋਣ ਦੀ ਸੂਰਤ ਵਿਚ ਦਾਖ਼ਲ ਹੋਣ ਤੋਂ ਲੈ ਕੇ ਡਿਸਚਾਰਜ ਹੋਣ ਤਕ ਮੁਫ਼ਤ ਖਾਣਾ ਦਿਤਾ ਜਾਂਦਾ ਹੈ। ਲੜਕਾ ਪੈਦਾ ਹੋਣ ’ਤੇ 1 ਸਾਲ ਤਕ ਅਤੇ ਲੜਕੀ ਪੈਦਾ ਹੋਣ ’ਤੇ 5 ਸਾਲ ਦੀ ਉਮਰ ਤਕ ਲੋੜੀਂਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਤਰੀ ਮੌਤਾਂ ਘਟਾਉਣ ਲਈ ਹਰ ਗਰਭਵਤੀ ਔਰਤ ਦਾ ਸਮੇਂ ਸਮੇਂ ’ਤੇ ਚੈਕਅੱਪ ਕੀਤਾ ਜਾਵੇ ਅਤੇ ਉਚ ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ ਧਿਆਨ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਲੋਕਾਂ ਨੂੰ ਉਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਲੋਕ ਸਰਕਾਰੀ ਸਿਹਤ ਸੰਸਥਾ ਵਿਚ ਆ ਕੇ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਦਾ ਲਾਭ ਲੈਣ ।
ਇਸ ਮੌਕੇ ਰੂਰਲ ਮੈਡੀਕਲ ਅਫ਼ਸਰ ਡਾ. ਸੋਨੂੰ, ਐਲ.ਐਚ.ਵੀ. ਕੁਲਦੀਪ ਕੌਰ, ਸੀ.ਐਚ.ਓ. ਕੁਲਵਿੰਦਰ ਕੌਰ, ਬੀ.ਐਸ.ਏ. ਗੁਰਪ੍ਰੀਤ ਸਿੰਘ, ਏਐਨਐਮ ਰਾਧਨਾ ਤੇ ਹੋਰ ਮੁਲਾਜ਼ਮ ਮੌਜੂਦ ਸਨ।