ਚੰਡੀਗੜ, 23 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਦੀ ਅਮਨ ਸ਼ਾਂਤੀ ਅਤੇ ਧਾਰਮਿਕ ਸਦਭਾਵ ਦੀ ਪਰਵਾਹ ਕੀਤੇ ਬਗੈਰ ਐਨਆਰਆਈ ਫੰਡਿਗ ਦੇ ਲਾਲਚ ਵਿਚ ਆਮ ਆਦਮੀ ਪਾਰਟੀ ਵੱਲੋਂ ਜਗਤਾਰ ਜੱਗੀ ਜੋਹਲ ਦੀ ਗਿਰਫ਼ਤਾਰੀ ਅਤੇ ਉਸ ਤੋਂ ਬਾਅਦ ਦੀਆਂ ਚੀਜ਼ਾਂ ਨੂੰ ਬਿਨਾ ਜਾਂਚੇ ਮੁੱਦਾ ਬਨਾਉਣਾ ਬਹੁਤ ਹੀ ਨਿੰਦਾਯੋਗ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ।
ਆਮ ਆਦਮੀ ਪਾਰਟੀ ਜਿਸ ਤਰਾਂ ਬਿਨ੍ਹਾ ਕਾਰਨ, ਬਿਨ੍ਹਾ ਵਜ੍ਹਾ 12 ਨਿਰਦੋਸ਼ ਅਤੇ ਨਿਹੱਥੇ ਪੰਜਾਬੀਆਂ ਦੀ ਹੱਤਿਆਵਾਂ ਦੇ ਦੋਸ਼ੀ ਜੱਗੀ ਜੋਹਲ (ਜੋ ਕਿ ਭਾਰਤ ਦਾ ਰਹਿਣ ਵਾਲਾ ਨਹੀਂ ਹੈ) ਦੇ ਸਮਰਥਨ ਵਿਚ ਫੇਸਬੁਕ ‘ਤੇ ਅਭਿਆਨ ਚਲਾਕੇ ਪੰਜਾਬ ਪੁਲੀਸ ਦੀ ਜਾਂਚ ‘ਤੇ ਅੰਗੁਲੀ ਚੁੱਕਕੇ ਹਾਏ-ਤੋਬਾ ਮਚਾ ਰਹੀ ਹੈ, ਉਸ ਨਾਲ ਸਪੱਸ਼ਟ ਹੈ ਕਿ ਪੰਜਾਬ ਵਿਚ ਦੁਬਾਰਾ ਅੱਤਵਾਦ ਦੇ ਕਾਲੇ ਦੌਰ ਨੂੰ ਲਿਆਉਣ ਦੇ ਲਈ ਜੀ-ਜਾਨ ਨਾਲ ਲੱਗੀ ਪਾਕਿਸਤਾਨੀ ਏਜੈਂਸੀ ਆਈਐਸਆਈ ਦੇ ਮੰਸੂਬਿਆਂ ਨੂੰ ਪੂਰਾ ਕਰ ਰਹੀ ਹੈ।
ਗਰੇਵਾਲ ਅਤੇ ਜੋਸ਼ੀ ਨੇ ਆਮ ਆਦਮੀ ਪਾਰਟੀ ਤੋਂ ਪ੍ਰਸ਼ਨ ਕੀਤਾ ਕਿ ਆਪ ਦੇ ਵਿਧਾਇਕ ਕੰਵਰ ਸੰਧੂ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਇਹ ਦੱਸੇ ਕਿ ਉਨ੍ਹਾਂ ਕਦੋਂ ਪੰਜਾਬ ਪੁਲੀਸ ਤੋਂ ਜੱਗੀ ਜੋਹਲ ਦੀ ਗਿਰਫ਼ਤਾਰੀ ਦੇ ਤੱਥ ਲਏ ਅਤੇ ਕਦੋਂ ਜੱਗੀ ਜੋਹਲ ਨੂੰ ਮਿਲੇ? ਬਿਨ੍ਹਾ ਜਾਂਚ ਏਜੈਂਸੀ ਦਾ ਪੱਖ ਸੁਣੇ, ਇਨ੍ਹਾਂ ਦੋਵਾਂ ਨੇ ਮੰਨ ਲਿਆ ਕਿ ਜੱਗੀ ਜੋਹਲ ਦੀ ਗਿਰਫ਼ਤਾਰੀ ਗਲਤ ਹੈ ਹੋਰ ਤਾਂ ਹੋਰ ਬਿਨ੍ਹਾ ਜੱਗੀ ਜੋਹਲ ਨੂੰ ਮਿਲੇ, ਇਨ੍ਹਾਂ ਮੰਨ ਲਿਆ ਕਿ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ।
ਜੇਕਰ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਚੋਣ ਲੜਨ ਵਾਲੇ ਜਰਨੈਲ ਸਿੰਘ ਯੂਕੇ ਵਿਚ ਜਾਕੇ ਖਾਲਿਸਤਾਨ ਦੇ ਪੱਖ ਵਿਚ ਆਯੋਜਿਤ ਰੈਲੀ ਵਿਚ ਭਾਸ਼ਣ ਦਿੰਦਾ ਹੈ, ਜੇਕਰ ਫਰਵਰੀ 2017 ਵਿਚ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਅਤੇ ਨੇੜਲੇ ਗੁਰੂਦੁਆਰਾ ਸਾਹਿਬ ਵਿਚ ਜਨਮ ਦਿਹਾੜਾ ਮਨਾਉਣ ਦੀ ਅਪੀਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪੋਸਟਰ ਸਾਹਮਣੇ ਆਉਣ ‘ਤੇ ਆਪ ਪਾਰਟੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੀ ਹੈ, ਜੇਕਰ ਆਮ ਆਦਮੀ ਪਾਰਟੀ ਦਾ ਸਾਬਕਾ ਆਗੂ ਗੀਤਕਾਰ ਬਲਕਾਰ ਸਿੱਧੂ ਆਪ ਪਾਰਟੀ ‘ਤੇ ਵਿਦੇਸ਼ਾਂ ਤੋਂ ਬੈਠੇ ਖਾਲਿਸਤਾਨੀਆਂ ਤੋਂ ਚੰਦਾ ਲੈਣ ਦਾ ਦੋਸ਼ ਲਗਾਉਂਦਾ ਹੈ, ਜੇਕਰ ਆਮ ਆਦਮੀ ਪਾਰਟੀ ਦੇ ਸਾਂਸਦ ਧਰਮਵੀਰ ਗਾਂਧੀ ਆਪ ਤੇ ਕੱਟਰਪੰਥੀ ਤੋਂ ਸਮਰਥਨ ਲੈਣ ‘ਤੇ ਨਾਰਾਜ਼ਗੀ ਜਾਹਿਰ ਕਰਦੇ ਹਨ, ਜੇਕਰ ਪੁਲੀਸ ਐਨਕਾਉਂਟਰ ਵਿਚ ਮਾਰੇ ਗਏ ਅੱਤਵਾਦੀ ਦੀ ਭਤੀਜੀ ਅਤੇ ਟਾਡਾ ਦੇ ਤਹਿਤ ਕਈ ਸਾਲ ਜੇਲ ਕੱਟਕੇ ਆਏ ਅੱਤਵਾਦੀ ਦੀ ਬੇਟੀ ਨੂੰ ਪਾਰਟੀ ਦਾ ਕੌਮੀ ਪਰਿਸ਼ਦ ਦਾ ਮੈਂਬਰ ਅਤੇ ਟਿਕਟ ਦੇਕੇ ਵਿਧਾਇਕ ਬਣਾਉਂਦੀ ਹੈ, ਜੇਕਰ ਸਾਬਕਾ ਮੁੰਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਜਗਤਾਰ ਸਿੰਘ ਹਵਾਰਾ ਨੂੰ ਅਖੌਤੀ ਜੱਥੇਦਾਰ ਨਿਯੁਕਤ ਕਰਨ ਵਾਲੇ ਪੰਜ ਪਿਆਰੀਆਂ ਨੂੰ ਅਰਵਿੰਦ ਕੇਜਰੀਵਾਲ ਮਿਲਕੇ ਆਪ ਪਾਰਟੀ ਨੂੰ ਸਮਰਥਨ ਦਿਲਵਾਉਂਦੇ ਹਨ, ਜੇਕਰ ਭਾਰਤ ਦੇ ਕਬਜੇ ਵਾਲੇ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਨੂੰ ਚਲਾਉਣ ਵਾਲੇ ਸਿੱਖ ਫਾਰ ਜਸਟਿਸ ਸੰਸਥਾ ਨਾਲ ਜੁੜੇ ਰਹੇ ਲੋਕਾਂ ਨੂੰ ਪਾਰਟੀ ਦਾ ਆਹੁਦੇਦਾਰ ਬਨਾਉਂਦੇ ਹਨ ਅਤੇ ਟਿਕਟ ਦੇਕੇ ਵਿਧਾਇਕ ਬਨਾਉਂਦੇ ਹਨ, ਜੇਕਰ ਅਰਵਿੰਦ ਕੇਜਰੀਵਾਲ ਵਿਧਾਨਸਭਾ ਚੋਣਾਂ ਦੇ ਦੌਰਾਨ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਸਾਬਕਾ ਪ੍ਰਮੁੱਖ ਗੁਰਵਿੰਦਰ ਸਿੰਘ ਦੇ ਘਰ ਮੋਗਾ ਵਿਚ ਠਹਿਰਦਾ ਹੈ, ਜੇਕਰ ਪੰਜਾਬ ਪੁਲੀਸ ਵੱਲੋਂ ਜੂਨ 2016 ਵਿਚ ਨਵਾਂਸ਼ਹਿਰ ਤੋਂ ਫੜੇ ਗਏ ਅੱਤਵਾਦੀਆਂ ਵਿਚੋਂ ਇਕ ਆਮ ਆਦਮੀ ਪਾਰਟੀ ਦਾ ਵਰਕਰ ਨਿਕਲਦਾ ਹੈ, ਤਾਂ ਫਿਰ ਜੱਗੀ ਜੋਹਲ ਦੇ ਸਮਰਥਨ ਵਿਚ ਆਮ ਆਦਮੀ ਪਾਰਟੀ ਆਗੂਆਂ ਦਾ ਖੜਾ ਹੋਣਾ ਅਤੇ ਅਰਵਿੰਦ ਕੇਜਰੀਵਾਲ ਦਾ ਚੁੱਪੀ ਧਾਰ ਲੈਣਾ ਕੋਈ ਵੱਡੀ ਗੱਲ ਨਹੀਂ।
ਪੰਜਾਬ ਪੁਲੀਸ ਵੱਲੋਂ ਕਾਰਜਕੁਸ਼ਲਤਾ ਦਿਖਾਉਂਦੇ ਹੋਏ ਬੜੀ ਮੁਸ਼ਕਲ ਨਾਲ ਪਾਕਿਸਤਾਨ ਵੱਲੋਂ ਪੰਜਾਬ ਵਿਚ ਅਸ਼ਾਂਤੀ ਫੈਲਾਉਣ ਦੇ ਯਤਨਾਂ ਦੇ ਲਈ ਦੋਸ਼ੀ ਲੋਕਾਂ ਨੂੰ ਗਿਰਫ਼ਤਾਰ ਕਰਦੇ ਹਨ, ਤਾਂ ਆਮ ਆਦਮੀ ਪਾਰਟੀ ਉਸਦਾ ਸੁਆਗਤ ਕਰਨ ਦੀ ਬਜਾਏ ਉਸਦਾ ਵਿਰੋਧ ਕਰਨ ਦੇ ਪੱਖ ਵਿਚ ਕਿਉਂ ਖੜੀ ਹੈ, ਗਰੇਵਾਲ ਅਤੇ ਜੋਸ਼ੀ ਨੇ ਪੁੱਛਿਆ।
ਅੰਤ ਵਿਚ ਗਰੇਵਾਲ ਅਤੇ ਜੋਸ਼ੀ ਨੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਅੱਤਵਾਦ ਦੇ ਲੰਬੇ ਦੌਰ ਤੋਂ ਨਿੱਕਲ ਚੁੱਕਿਆ ਹੈ, ਪੰਜਾਬੀਆਂ ਨੇ ਸ਼ਹਾਦਤਾਂ ਦੇਕੇ ਅੱਜ ਦੀ ਇਹ ਸ਼ਾਂਤੀ ਕਾਇਮ ਕੀਤੀ ਹੈ, ਇਸ ਲਈ ਅਜਿਹੀ ਰਾਜਨੀਤੀ ਨਾ ਕਰਨ ਜਿਸ ਨਾਲ ਪੰਜਾਬ ਦੁਬਾਰਾ ਅੱਤਵਾਦ ਦੇ ਦੌਰ ਵੱਲ ਵੱਧਦਾ ਚਲੇ।