ਏਸ਼ੀਅਨ ਚੈਂਪੀਅਨਜ਼ ਟਰਾਫੀ – ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ
ਚੰਡੀਗੜ੍ਹ,10ਅਗਸਤ(ਵਿਸ਼ਵ ਵਾਰਤਾ)- ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ 4-0 ਨਾਲ ਹਰਾ ਦਿੱਤਾ ਹੈ। ਪਾਕਿਸਤਾਨ ‘ਤੇ ਭਾਰਤ ਦੀ ਇਹ ਕੁੱਲ 65ਵੀਂ ਜਿੱਤ ਹੈ। ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ‘ਚ ਇਸ ਜਿੱਤ ਨਾਲ ਭਾਰਤੀ ਟੀਮ ਨੇ ਅੰਕ ਸੂਚੀ ‘ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਟੀਮ ਲੀਗ ਪੜਾਅ ‘ਚ ਅਜੇਤੂ ਰਹੀ। ਟੀਮ ਇੰਡੀਆ ਨੇ 5 ‘ਚੋਂ 4 ਮੈਚ ਜਿੱਤੇ, ਜਦਕਿ ਇਕ ਡਰਾਅ ਰਿਹਾ। ਭਾਰਤੀ ਟੀਮ ਦਾ ਜਾਪਾਨ ਖਿਲਾਫ ਸੈਮੀਫਾਈਨਲ ਮੈਚ 11 ਅਗਸਤ ਨੂੰ ਇਸੇ ਮੈਦਾਨ ‘ਤੇ ਖੇਡਿਆ ਜਾਵੇਗਾ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਬੁੱਧਵਾਰ ਦੇ ਮੈਚ ਵਿੱਚ ਦੋ ਗੋਲ ਕੀਤੇ। ਉਸ ਨੇ 15ਵੇਂ ਅਤੇ 23ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਗੋਲ ਕੀਤੇ। ਜੁਗਰਾਜ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਵੀ ਇੱਕ-ਇੱਕ ਗੋਲ ਕੀਤਾ। ਜੁਗਰਾਜ ਨੇ ਮੈਚ ਦੇ 36ਵੇਂ ਮਿੰਟ ਵਿੱਚ ਪੈਨਲਟੀ ’ਤੇ ਗੋਲ ਕੀਤਾ, ਜਦਕਿ ਅਕਾਸ਼ਦੀਪ ਸਿੰਘ ਨੇ 55ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤਾ।