
– ਤੇਜਿੰਦਰ ਦੀ ਪ੍ਰਾਪਤੀ ਪਿੱਛੇ ਉਸ ਦੇ ਪਿਤਾ ਤੇ ਪਰਿਵਾਰ ਦੀ ਘਾਲਣਾ ਦਾ ਵੱਡਾ ਯੋਗਦਾਨ: ਰਾਣਾ ਸੋਢੀ
ਚੰਡੀਗੜ੍ਹ, 4 ਸਤੰਬਰ (ਵਿਸ਼ਵ ਵਾਰਤਾ)- ਏਸ਼ਿਆਈ ਖੇਡਾਂ ਵਿੱਚ ਸ਼ਾਟ ਪੁੱਟ ਈਵੈਂਟ ਵਿਚ ਸੋਨ ਤਮਗਾ ਜਿੱਤਣ ਵਾਲੇ ਅੈਥਲੀਟ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਸ. ਕਰਮ ਸਿੰਘ ਦਾ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਦੇਹਾਂਤ ਹੋ ਗਿਆ।

ਦੱਸਣਯੋਗ ਹੈ ਕਿ ਤੇਜਿੰਦਰਪਾਲ ਸਿੰਘ ਤੂਰ ਕੱਲ੍ਹ ਹੀ ਏਸ਼ਿਆਈ ਖੇਡਾਂ ਵਿੱਚੋਂ ਸੋਨ ਤਮਗਾ ਜਿੱਤ ਕੇ ਜਕਾਰਤਾ ਤੋਂ ਨਵੀਂ ਦਿੱਲੀ ਪੁੱਜਿਆ ਸੀ, ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।
ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤੇਜਿੰਦਰ ਪਾਲ ਸਿੰਘ ਤੂਰ ਦੇ ਪਿਤਾ ਸ. ਕਰਮ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਤੇਜਿੰਦਰ ਦੀ ਸੁਨਿਹਰੀ ਪ੍ਰਾਪਤੀ ਪਿੱਛੇ ਉਸ ਦੇ ਪਿਤਾ ਅਤੇ ਪਰਿਵਾਰ ਦੀ ਘਾਲਣਾ ਦਾ ਸਭ ਤੋਂ ਵੱਧ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਜਿਸ ਵੇਲੇ ਤੇਜਿੰਦਰ ਪਾਲ ਸਿੰਘ ਏਸ਼ਿਆਈ ਖੇਡਾਂ ਲਈ ਲੱਗੇ ਕੈਂਪ ਵਿੱਚ ਅਭਿਆਸ ਕਰ ਰਿਹਾ ਸੀ ਉਸ ਵੇਲੇ ਉਸ ਦੇ ਪਿਤਾ ਜ਼ੇਰ-ਏ-ਇਲਾਜ ਸਨ। ਉਨ੍ਹਾਂ ਕਿਹਾ ਕਿ ਤੇਜਿੰਦਰ ਨੇ ਅਜਿਹੇ ਹਾਲਾਤ ਵਿੱਚ ਅਭਿਆਸ ਕਰ ਕੇ ਸੋਨ ਤਮਗਾ ਜਿੱਤ ਕੇ ਆਪਣੇ ਪਿਤਾ ਦਾ ਸੁਫਨਾ ਪੂਰਾ ਕੀਤਾ।
ਖੇਡ ਮੰਤਰੀ ਨੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਅਕਹਿ ਤੇ ਅਸਹਿ ਦੁੱਖ ਦੀ ਘੜੀ ਵਿੱਚ ਉਹ ਨਿੱਜੀ ਤੌਰ ‘ਤੇ ਤੇਜਿੰਦਰ ਪਾਲ ਸਿੰਘ ਦੇ ਦੁੱਖ ਵਿੱਚ ਸ਼ਰੀਕ ਹਨ।