ਏਜੀਟੀਐਫ ਦੀ ਵੱਡੀ ਕਾਰਵਾਈ, ਗੈਂਗਸਟਰ ਵੱਲੋਂ ਭੱਜਣ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ
– ਖ਼ਤਰਨਾਕ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਨਾਮ 6 ਕਤਲ ਕੇਸਾਂ ਵਿੱਚ ਸ਼ਾਮਲ
– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੰਗਠਿਤ ਅਪਰਾਧਾਂ ਵਿਰੁੱਧ ਲੜਨ ਲਈ ਵਚਨਬੱਧ: ਡੀਜੀਪੀ
– ਏਜੀਟੀਐਫ ਦੀ ਪੁਲਿਸ ਟੀਮ ਗੈਂਗਸਟਰ ਨੂੰ ਉਸ ਸਥਾਨ ‘ਤੇ ਲੈ ਕੇ ਜਾ ਰਹੀ ਸੀ ਜਿੱਥੇ ਉਸਨੇ ਪਿਸਤੌਲ ਛੁਪਾ ਕੇ ਰੱਖਿਆ ਹੋਇਆ ਸੀ: ਡੀਜੀਪੀ ਗੌਰਵ ਯਾਦਵ
Gangster Jassa Happowal was injured in Police action while attempting to flee from police custody in a major action by AGTF, Punjab. He was arrested recently and was involved in 6 murder cases and other heinous crimes (1/3) pic.twitter.com/gLHVK3pR9t
— DGP Punjab Police (@DGPPunjabPolice) December 13, 2023
ਚੰਡੀਗੜ੍ਹ, 13 ਦਸੰਬਰ (ਵਿਸ਼ਵ ਵਾਰਤਾ):- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੰਗਠਿਤ ਅਪਰਾਧ ਵਿਰੁੱਧ ਜਾਰੀ ਲੜਾਈ ਦੌਰਾਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਵੱਡੀ ਕਾਰਵਾਈ ਕਰਦਿਆਂ ਮਾਂ-ਧੀ ਦੇ ਦੋਹਰੇ ਕਤਲ ਸਮੇਤ ਘੱਟੋ-ਘੱਟ ਛੇ ਕਤਲ ਕੇਸਾਂ ‘ਚ ਸ਼ਾਮਲ ਖ਼ਤਰਨਾਕ ਗੈਂਗਸਟਰ ਕਰਨਜੀਤ ਸਿੰਘ ਉਰਫ਼ ਜੱਸਾ ਹੈਪੋਵਾਲ ਵੱਲੋਂ ਜ਼ੀਰਕਪੁਰ ਦੇ ਪੀਰਮੁਛੱਲਾ ਇਲਾਕੇ ‘ਚ ਪੁਲਿਸ ਦੀ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਦੌਰਾਨ ਉਸ ਦੀਆਂ ਦੋਹਾਂ ਲੱਤਾਂ ‘ਤੇ ਗੋਲੀ ਵੱਜੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਨਵੰਬਰ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਵੱਲੋਂ ਵਿਦੇਸ਼ ‘ਚ ਰਹਿੰਦੇ ਫਰਾਰ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਮੁੱਖ ਸ਼ੂਟਰ ਗੈਂਗਸਟਰ ਜੱਸਾ ਹੈਪੋਵਾਲ ਨੂੰ ਜਲੰਧਰ ਦੇ ਬਾਹਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਜੱਸੇ ਨੂੰ ਮੈਟਰੋ ਪਲਾਜ਼ਾ ਗੋਲੀਬਾਰੀ ਮਾਮਲੇ, ਜਿਸ ਵਿੱਚ ਉਸਨੇ ਆਪਣੇ ਦੋ ਸਾਥੀਆਂ ਨਾਲ 21 ਅਗਸਤ ਨੂੰ ਇੱਕ ਵਿਅਕਤੀ ਨੂੰ ਮਾਰਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਖੁਲਾਸਿਆਂ ਤੋਂ ਬਾਅਦ ਏਡੀਜੀਪੀ ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏਜੀਟੀਐਫ ਦੀ ਪੁਲਿਸ ਟੀਮ ਜੱਸਾ ਹੈਪੋਵਾਲ ਨੂੰ ਪੀਰਮੁਛੱਲਾ ਸਥਿਤ ਬਣੇ ਹੋਟਲ ਮਿਡਟਾਊਨ ਨੇੜੇ ਸੁੰਨਸਾਨ ਥਾਂ ‘ਤੇ ਲੈ ਕੇ ਜਾ ਰਹੀ ਸੀ, ਜਿੱਥੇ ਕਿ ਉਕਤ ਗੈਂਗਸਟਰ ਨੇ ਕਥਿਤ ਤੌਰ ‘ਤੇ ਮੈਟਰੋ ਗੋਲੀਬਾਰੀ ਘਟਨਾ ਵਿੱਚ ਵਰਤੇ ਚੀਨੀ ਪਿਸਤੌਲ ਨੂੰ ਲੁਕਾਉਣ ਦਾ ਦਾਅਵਾ ਕੀਤਾ ਸੀ।
ਉਹਨਾਂ ਦੱਸਿਆ ਕਿ ਨਿਰਧਾਰਤ ਸਥਾਨ ‘ਤੇ ਪਹੁੰਚਣ ਤੋਂ ਬਾਅਦ ਗੈਂਗਸਟਰ ਨੇ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਏ.ਜੀ.ਟੀ.ਐਫ. ਦੀ ਟੀਮ ਨੂੰ ਉਸਨੂੰ ਭੱਜਣ ਤੋਂ ਰੋਕਣ ਲਈ ਗੋਲੀਆਂ ਚਲਾਉਣੀਆਂ ਪਈਆਂ, ਜਿਸ ਦੇ ਨਤੀਜੇ ਵਜੋਂ ਉਹ ਜ਼ਖਮੀ ਹੋ ਗਿਆ। ਉਹਨਾਂ ਨਾਲ ਹੀ ਦੱਸਿਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਏ.ਜੀ.ਟੀ.ਐਫ. ਦਾ ਕਰਮਚਾਰੀ ਏਐਸਆਈ ਦਰਸ਼ਨ ਸਿੰਘ ਵੀ ਜ਼ਖ਼ਮੀ ਹੋ ਗਿਆ, ਜੋ ਉਸ ਨੂੰ ਭੱਜਣ ਤੋਂ ਰੋਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਸ ਦੇ ਦੱਸੇ ਹੋਏ ਪਤੇ ਤੋਂ ਉਕਤ ਚੀਨੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਘਟਨਾ ਦੀ ਫੋਰੈਂਸਿਕ ਅਤੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦਕਿ ਫੋਰੈਂਸਿਕ ਟੀਮਾਂ ਪਹਿਲਾਂ ਹੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ।
ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਏਜੀਟੀਐਫ ਸੰਦੀਪ ਗੋਇਲ ਅਤੇ ਡੀਐਸਪੀ ਏਜੀਟੀਐਫ ਬਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 186, 353, 224 ਅਤੇ 332 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਢਕੋਲੀ ਵਿਖੇ ਐਫਆਈਆਰ ਨੰ. 94 ਮਿਤੀ 13.12.2023 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।