ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ
ਲੁਧਿਆਣਾਃ 21 ਨਵੰਬਰ (ਵਿਸ਼ਵ ਵਾਰਤਾ) – ਉੱਘੇ ਪੰਜਾਬੀ ਕਵੀ ਤੇ ਪੱਤਰਕਾਰ ਹਰਜੀਤ ਸਿੰਘ ਢਿੱਲੋਂ ਦਾ ਅੱਜ ਲੁਧਿਆਣਾ ਨੇੜੇ ਪਿੰਡ ਜੁਗਿਆਣਾ ਵਿਖੇ ਦੇਹਾਂਤ ਹੋ ਗਿਆ ਹੈ। ਉਹ 76 ਵਰ੍ਹਿਆਂ ਦੇ ਸਨ।
ਸਃ ਢਿੱਲੋਂ ਨੇ ਪੰਜਾਬੀ ਸ਼ਾਇਹੀ ਵਿੱਚ ਤਿੰਨ ਗ਼ਜ਼ਲ ਸੰਗ੍ਰਹਿਾਂ ਦਰਦ ਦੀ ਰੌਸ਼ਨੀ, ਅਹਿਸਾਸ ਦੀਆਂ ਪਰਤਾਂ ਤੇ ਸੁਪਨਿਆਂ ਦੀ ਮਹਿਕ ਤੋਂ ਇਲਾਵਾ ਸਤਿ ਬਚਨ ਬਾਲ ਕਾਵਿ ਸੰਗ੍ਰਹਿ ਰਚਿਆ।
ਹਰਜੀਤ ਸਿੰਘ ਢਿੱਲੋਂ ਆਜ਼ਾਦ ਹਿੰਦ ਫੌਜ ਦੇ ਕਮਾਂਡਰ ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ ਦੇ ਭਤੀਜੇ ਸਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਹਰਜੀਤ ਸਿੰਘ ਢਿੱਲੋਂ ਦੀ ਮੌਤ ਨੂੰ ਨਿਜੀ ਵਿਗੋਚਾ ਦੱਸਦਿਆਂ ਕਿਹਾ ਕਿ ਉਹ ਸਹਿਜ ਤੋਰ ਤੁਰਨ ਵਾਲੇ ਗ਼ਜ਼ਲਗੋ ਸਨ ਜਿੰਨ੍ਹਾਂ ਨੇ ਜੋ ਲਿਖਿਆ , ਪਾਇਦਾਰ ਲਿਖਿਆ। ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਵੀ ਜੀਵਨ ਮੈਂਬਰ ਸਨ ਅਤੇ ਪੰਜਾਬੀ ਭਵਨ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹੇ। ਪਿਛਲੇ ਲੰਮੇ ਸਮੇਂ ਤੋਂ ਸਿਹਤ ਖਰਾਬ ਹੋਣ ਕਾਰਨ ਉਹ ਪਿੰਡੋਂ ਬਾਹਰ ਘੱਟ ਵੱਧ ਹੀ ਨਿਕਲਦੇ ਸਨ। ਸਾਹਨੇਵਾਲ ਤੇਂ ਉਹ ਰੋਜ਼ਾਨਾ ਅਖ਼ਬਾਰ ਅਜੀਤ ਲਈ ਰੀਪੋਰਟਰ ਵਜੋਂ ਵੀ ਪਿਛਲੇ ਤਿੰਨ ਦਹਾਕੇ ਕਾਰਜਸ਼ੀਲ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਜੁਗਿਆਣਾ ਵਿੱਚ ਕਰ ਦਿੱਤਾ ਗਿਆ ਹੈ।
ਪੰਜਾਬੀ ਲੇਖਕ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ, ਦਰਸ਼ਨ ਬੁੱਟਰ, ਮਨਜਿੰਦਰ ਧਨੋਆ,ਤ੍ਰੈਲੋਚਨ ਲੋਚੀ, ਸਹਿਜਪ੍ਰੀਤ ਸਿੰਘ ਮਾਂਗਟ. ਸੁਖਜੀਤ ਮਾਛੀਵਾੜਾ, ਸੁਰਿੰਦਰ ਰਾਮਪੁਰੀ, ਤੇਲੂ ਰਾਮ ਕੋਹਾੜਾ, ਅਸ਼ਵਨੀ ਜੇਤਲੀ, ਦੀਪ ਜਗਦੀਪ ਸਿੰਘ, ਬਲਦੇਵ ਸਿੰਘ ਝੱਜ, ਗੁਰਜੰਟ ਸਿੰਘ ਮਰਾੜ੍ਹ ਕਾਲ਼ਾ ਪਾਇਲ ਵਾਲਾ, ਰਘਬੀਰ ਸਿੰਘ ਭਰਤ, ਸਰਦਾਰ ਪੰਛੀ ਤੇ ਡਾਃ ਨਿਰਮਲ ਜੌੜਾ ਨੇ ਸਃ ਹਰਜੀਤ ਸਿੰਘ ਢਿੱਲੋਂ ਦੇ ਦੇਹਾਂਤ ਤੇ ਡਾਢੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।