”ਕੇਂਦਰੀ ਸਰਕਾਰ ਵੀ ਪੀੜਤਾਂ ਨੂੰ ਮੁਆਵਜ਼ਾ ਦੇਵੇ”
ਮੁਆਵਜ਼ੇ ਦੇ ਆਧਾਰ ‘ਤੇ ਤਿਮਾਹੀ ਭੁਗਤਾਨ ਦੀ ਥਾਂ ਫਰਵਰੀ ਤੇ ਮਾਰਚ ਦਾ ਭਗਤਾਨ ਤੁਰੰਤ ਜਾਰੀ ਕਰਨ ਦੇ ਹੁਕਮ
ਚੰਡੀਗੜ, 22 ਮਾਰਚ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਰਾਕ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਦਾ ਵਾਅਦਾ ਕੀਤਾ ਹੈ ਪਰ ਇਸ ਦੇ ਨਾਲ ਹੀ ਉਨਾਂ ਨੇ ਮੁੜ ਦੁਹਰਾਇਆ ਹੈ ਕਿ ਇਹ ਦੁਖਾਂਤ ਵਿਦੇਸ਼ਾਂ ਵਿੱਚ ਵਾਪਰਿਆ ਹੋਣ ਕਾਰਨ ਕੇਂਦਰ ਸਰਕਾਰ ਨੂੰ ਵੀ ਇਸ ਵਾਸਤੇ ਮੁਆਵਜ਼ਾ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਮੁਆਵਜ਼ੇ ਦੇ ਅਧਾਰ ‘ਤੇ ਪੀੜਤ ਪਰਿਵਾਰਾਂ ਨੂੰ ਫਰਵਰੀ ਤੇ ਮਾਰਚ 2018 ਦੀ 20,000 ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਪੈਨਸ਼ਨ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨਾਂ ਨੇ ਤਿਮਾਹੀ ਭੁਗਤਾਨ ਦੀ ਸ਼ਰਤ ਨੂੰ ਖਤਮ ਕਰਦੇ ਹੋਏ ਇਹ ਹੁਕਮ ਦਿੱਤੇ ਹਨ। ਉਨਾੰ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪੈਨਸ਼ਨ ਦੀ ਰਾਸ਼ੀ ਦਾ ਵਿਤਰਣ ਕਰਨ।
ਪਿਛਲੇ 6 ਮਹੀਨਿਆਂ ਤੋਂ ਸੂਬਾ ਸਰਕਾਰ ਵੱਲੋਂ ਪੀੜਤਾਂ ਨੂੰ ਮੁਆਵਜ਼ਾ ਨਾ ਦਿੱਤੇ ਜਾਣ ਦੇ ਅਕਾਲੀ ਆਗੂ ਸ੍ਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਲਾਏ ਗਏ ਝੂਠੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੱਲ ਤੱਕ 31 ਜਨਵਰੀ 2018 ਤੱਕ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਅਤੇ ਹੋਰ ਦੋ ਮਹੀਨਿਆਂ ਦੀ ਪੈਨਸ਼ਨ ਜਾਰੀ ਹੋਣ ਨਾਲ ਹੁਣ ਤੱਕ ਦਾ ਭੁਗਤਾਨ ਮੁਕੰਮਲ ਹੋ ਗਿਆ ਹੈ।
ਸੂਬਾ ਵਿਧਾਨ ਸਭਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਸੂਬਾ ਸਰਕਾਰ 24 ਪਰਿਵਾਰਾਂ ਨੂੰ ਮਾਸਿਕ ਪੈਨਸ਼ਨ ਦੇ ਰਹੀ ਹੈ।
ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਸਦਨ ਵਿੱਚ ਦੱਸਿਆ ਕਿ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵੱਲੋਂ ਪ੍ਰਾਪਤ ਹੋਈ ਸੂਚਨਾ ਦੇ ਅਨੁਸਾਰ 27 ਪੀੜਤ ਪੰਜਾਬ ਦੇ ਹਨ ਜਿਨਾਂ ਵਿਚੋਂ 11 ਮਾਝਾ ਅਤੇ 11 ਦੋਆਬਾ ਦੇ ਹਨ ਜਦਕਿ ਬਾਕੀ ਸੂਬੇ ਦੇ ਹੋਰਨਾਂ ਹਿੱਸਿਆਂ ਦੇ ਹਨ।
ਪੀੜਤ ਪਰਿਵਾਰਾਂ ਨੂੰ ਢੁੱਕਵੀਂ ਵਿੱਤੀ ਸਹਾਇਤਾ ਦੇਣ ਸਬੰਧੀ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਖਪਾਲ ਸਿੰਘ ਖਹਿਰਾ ਦੇ ਧਿਆਨ ਦੁਆਊ ਮਤੇ ਉੱਤੇ ਵਿਚਾਰ ਵਿਟਾਂਦਰੇ ਦੌਰਾਨ ਦਖਲ ਦਿੰਦੇ ਹੋਏ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਇਸ ਮਾਮਲੇ ਵਿੱਚ ਮੁਆਵਜ਼ੇ ਦੇ ਸਾਰੇ ਮਾਪਦੰਡਾਂ ਨੂੰ ਸਰਕਾਰ ਵੱਲੋ ਅਪਨਾਇਆ ਜਾਵੇਗਾ।
ਉਨਾਂ ਅੱਗੇ ਕਿਹਾ ਕਿ ਮੁਆਵਜ਼ੇ ਦੇ ਸਬੰਧ ਵਿਚ ਉਨਾਂ ਦੀ ਸਰਕਾਰ ਕੇਂਦਰ ਨਾਲ ਕਿਸੇ ਵੀ ਤਰਾਂ ਦੀ ਸਿਆਸਤ ਜਾਂ ਵਾਰਤਾਲਾਪ ਵਿਚ ਨਹੀਂ ਉਲਝੇਗੀ ਪਰ ਇਸ ਦੇ ਨਾਲ ਹੀ ਉਨਾ ਜ਼ੋਰ ਦੇ ਕੇ ਕਿਹਾ ਕਿ ਇਨਾਂ ਪੀੜਤਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣੀ ਕੇਂਦਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹ ਹੱਤਿਆਵਾਂ ਦੇਸ਼ ਤੋਂ ਬਾਹਰ ਹੋਈਆਂ ਸਨ।
ਮੈਂਬਰਾਂ ਵੱਲੋਂ ਸਵਾਲਾਂ ਦੇ ਜਵਾਬ ਵਿਚ ਉਨਾਂ ਕਿਹਾ ਕਿ ਮਾਰੇ ਗਏ ਵਿਅਕਤੀਆਂ ਦੀਆਂ ਦੇਹਾਂ ਦੇ ਭਾਰਤ ਆਉਣ ‘ਤੇ ਅਜੇ ਕੁਝ ਸਮਾਂ ਲੱਗੇਗਾ ਕਿਉਂਕਿ ਇਸ ਸਬੰਧ ਵਿਚ ਅਜੇ ਕੁਝ ਕਾਨੂੰਨੀ ਮਸਲੇ ਹਨ ਜਿਨਾਂ ਨੂੰ ਵਿਦੇਸ਼ ਮਾਮਲਿਆਂ ਦਾ ਮੰਤਰਾਲਾ ਮੋਸੂਲ ਦੀ ਅਥਾਰਟੀ ਨਾਲ ਹੱਲ ਕਰਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਦਨ ਦੇ ਮੈਂਬਰਾਂ ਨੂੰ ਦੱਸਿਆ ਕਿ ਉਹ ਇਸ ਸਬੰਧ ਵਿਚ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਉਨ•ਾਂ ਨੇ ਦੱਸਿਆ ਕਿ ਇਰਾਕ ਵਿਚ ਮੋਸੂਲ ਅਥਾਰਟੀ ਨਾਲ ਲੋੜੀਂਦੀਆਂ ਉਪਚਾਰਕਤਾਵਾਂ ਮੁਕੰਮਲ ਹੋਣ ਤੋਂ ਬਾਅਦ ਮਾਰੇ ਗਏ ਵਿਅਕਤੀਆਂ ਦੀਆਂ ਦੇਹਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚ ਜਾਣਗੀਆਂ। ਉਨਾਂ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੂਰੇ ਮਾਣ-ਸਤਿਕਾਰ ਨਾਲ ਹਵਾਈ ਅੱਡੇ ‘ਤੇ ਦੇਹਾਂ ਦੇ ਤਬੂਤ ਪ੍ਰਪਤ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਇਹ ਸਬੰਧਤ ਪਰਿਵਾਰਾਂ ਹਵਾਲੇ ਅੰਤਿਮ ਸਸਕਾਰ ਲਈ ਕੀਤੇ ਜਾਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ‘ਤੇ ਅਪਣਾਏ ਵਤੀਰੇ ‘ਤੇ ਧੰਨਵਾਦ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਵਾਧੂ ਮੁਆਵਜ਼ਾ ਦਿੱਤੇ ਜਾਣ ਲਈ ਕੇਂਦਰ ਸਰਕਾਰ ‘ਤੇ ਦਬਾਅ ਪਾਉਣਾ ਚਾਹੀਦਾ ਹੈ।
ਕਾਂਗਰਸ ਦੇ ਵਿਧਾਇਕ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਦੁਖਦਾਈ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਸੁਝਾਅ ਦਿੱਤਾ ਕਿ ਸਾਰੇ ਵਿਧਾਇਕਾਂ ਨੂੰ ਪਾਰਟੀ ਲੀਹਾਂ ਤੋਂ ਉਪਰ ਉੱਠ ਕੇ ਹਰੇਕ ਪਰਿਵਾਰ ਲਈ ਨੌਕਰੀ ਅਤੇ ਇੱਕ ਕਰੋੜ ਰੁਪਏ ਦੇ ਮੁਆਵਜੇ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਮੁੱਦੇ ‘ਤੇ ਕਿਸੇ ਵੀ ਤਰਾਂ ਦੀ ਸਿਆਸਤ ਨੂੰ ਰੱਦ ਕਰਦਿਆਂ ਕਾਂਗਰਸ ਦੇ ਮੈਂਬਰ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ ਦਾ ਵਿਚਾਰ ਸੀ ਕਿ ਸੂਬਾ ਸਰਕਾਰ ਪੀੜਤ ਪਰਿਵਾਰਾਂ ਲਈ ਸਭ ਕੁਝ ਕਰ ਰਹੀ ਹੈ ਅਤੇ ਕੇਂਦਰ ਦੀ ਵੀ ਇਨਾਂ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀ ਬਣਦੀ ਹੈ।
ਇਰਾਕ ‘ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਢੁਕਵਾਂ ਮੁਆਵਜ਼ਾ ਦੇਵੇਗੀ : ਮੁੱਖ ਮੰਤਰੀ
Advertisement
Advertisement