ਧਾਰੀਵਾਲੀ (ਗੁਰਦਾਸਪੁਰ), 7 ਅਕਤੂਬਰ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਇਕੋ ਥੈਲੀ ਦੇ ਚੱਟੇ-ਬੱਟੇ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਜਦ ਤੱਕ ਇਨਾਂ ਕੋਲੋਂ ਖਹਿੜਾ ਨਹੀਂ ਛੁਡਾਉਂਦੇ ਉਦੋਂ ਤੱਕ ‘ਅੱਛੇ ਦਿਨਾਂ’ ਦੀ ਆਸ ਰੱਖਣਾ ਬੇਮਾਨਾ ਹੈ। ਧਾਰੀਵਾਲ ਵਿਖੇ ‘ਆਪ’ ਉਮੀਦਵਾਰ ਮੇਜਰ ਨਜਰਲ (ਰਿਟਾ.) ਸੁਰੇਸ਼ ਖਜੂਰੀਆ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀ ਬਾਰੀ ਬੰਨ ਕੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਜਨਤਾ ਨੂੰ ਕੁਟ ਰਹੇ ਹਨ। ਹਿੱਸੇਦਾਰੀ ਨਾਲ ਮਾਫੀਆ ਚਲਾਉਂਦੇ ਹਨ ਇਸੇ ਕਰਕੇ ਸੱਤਾ ਬਦਲਣ ਦੇ ਬਾਵਜੂਦ ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਡਰੱਗ ਅਤੇ ਸ਼ਰਾਬ ਮਾਫੀਆ ਜਿਉਂ ਦੀ ਤਿਓ ਜਾਰੀ ਹੈ ਸਿਰਫ ਗੁੰਡਾ ਪਰਚੀ ਵਸੂਲਣ ਵਾਲੇ ਕਰਿੰਦੇ ਬਦਲੇ ਹਨ।
ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਦੀ ਮੌਜੂਦਗੀ ਵਿਚ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਟਕਾ ਸਾਹਿਬ ਦੀ ਸੰਹੁ ਚੁੱਕ ਕੇ ਅਤੇ ਲਿਖਤੀ ਵਾਅਦੇ ਕਰਕੇ ਮੁਕਰ ਗਏ ਹਨ। ਉਥੇ ਭਾਜਪਾ ਨੇ ਵੀ ਦੇਸ਼ ਦੀ ਜਨਤਾ ਨਾਲ ਇਸੇ ਤਰ੍ਹਾਂ ਧੋਖਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਪੂਰੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬੈਠਾ ਦਿੱਤਾ ਹੈ। ਚੰਦ ਕਾਰਪੋਰੇਟ ਘਰਾਣਿਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਨੂੰ ਅੰਤਾਂ ਦਾ ਵਿੱਤੀ ਲਾਭ ਪਹੁੰਚਾਉਣ ਲਈ ਮੋਦੀ ਮੰਡਲ ਵੱਲੋਂ ਲਏ ਜਾ ਰਹੇ ਆਪਹੁਦਰੇ ਫ਼ੈਸਲਿਆਂ ਨੇ ਗਰੀਬ ਹੋਰ ਗਰੀਬ ਕਰ ਦਿੱਤੇ ਹਨ। ਬੇਰੁਜ਼ਗਾਰਾਂ ਨੂੰ ਕਰੋੜਾਂ ਦੀ ਗਿਣਤੀ ‘ਚ ਰੋਜ਼ਗਾਰ ਦੇ ਚੋਣ ਵਾਅਦੇ ਦੇ ਉਲਟ ਰੋਜ਼ਗਾਰ ‘ਤੇ ਲੱਗਿਆਂ ਦਾ ਵੀ ਰੋਜ਼ਗਾਰ ਖੋ ਲਿਆ ਹੈ।
ਨੋਟ ਬੰਦੀ ਅਤੇ ਜੀਐਸਟੀ ਨੇ ਚੰਗੀ ਭਲੀ ਰੋਟੀ ਕਮਾ ਰਹੇ ਆਮ ਦੁਕਾਨਦਾਰਾਂ ਤੇ ਵਪਾਰੀਆਂ ਦੀ ਰੋਜ਼ੀ ਰੋਟੀ ਹੀ ਦਾਅ ‘ਤੇ ਲਗਾ ਦਿੱਤੀ ਹੈ। ਪ੍ਰਧਾਨ ਮੰਤਰੀ ਦੇ ‘ਕੈਸ਼ ਲੈਸ’ ਨਾਅਰੇ ‘ਤੇ ਵਿਅੰਗ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੋਰ ਤਾਂ ਹੋਰ ਮਾਲੀ ਤੌਰ ‘ਤੇ ਸਮਰੱਥ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਵੀ ਸੱਚੀ-ਸੁੱਚੀ ‘ਕੈਸ਼ ਲੈਸ’ (ਜੇਬ ਖਾਲੀ) ਕਰ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਹਰ ਗੱਲ ‘ਚ ਕੇਂਦਰ ਸਰਕਾਰ ਦਾ ਰੋਣਾ-ਰੋਣ ਵਾਲੇ ਕੈਪਟਨ ਅਮਰਿੰਦਰ ਸਿੰਘ ਚੋਣ ਵਾਅਦੇ ਕਰਨ ਵਾਲੇ ਵੀ ਪੰਜਾਬ ਦੇ ਮਾਲੀ ਸੰਕਟ ਤੋਂ ਭਲੀਭਾਂਤ ਜਾਣੂ ਸਨ।
ਇਸ ਦੌਰਾਨ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਧੋਆ, ਮਾਝਾ ਜੋਨ ਦੇ ਉਬਜਰਵਰ ਜਸਵੀਰ ਸਿੰਘ ਰਾਜਾ ਗਿੱਲ, ਸੀਨੀਅਰ ਆਗੂ ਜਰਨੈਲ ਮੰਨੂ, ਜੋਗਾ ਸਿੰਘ ਚਰਖ, ਗੁਰਦਿੱਤ ਸਿੰਘ ਸੇਖੋ, ਐਚਐਸ ਪਾਵਲਾ ਅਤੇ ਸਥਾਨਕ ਆਗੂ ਡਾ. ਕੇ.ਜੇ ਸਿੰਘ, ਠਾਕੁਰ ਤਰਸੇਮ ਸਿੰਘ ਅਤੇ ਸੁਖਦੇਵ ਸਿੰਘ ਭੈਣੀ ਮੀਆਂ ਖਾਨ ਆਦਿ ਨੇ ਵੀ ਸੰਬੋਧਨ ਕੀਤਾ।
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ
BREAKING NEWS : ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਅਜਨਾਲਾ ਅਦਾਲਤ ‘ਚ ਕੀਤਾ ਗਿਆ ਪੇੇਸ਼ ; ਮਿਲਿਆ 4 ਦਿਨ ਦਾ ਰਿਮਾਂਡ...