ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਚੋਣ ਵਾਸਤੇ ਟ੍ਰਾਇਲ 30 ਮਾਰਚ ਨੂੰ
ਸਰਕਾਰੀ ਮੁਲਾਜ਼ਮ (ਰੈਗੂਲਰ) ਖਿਡਾਰੀ ਆਪਣੇ ਵਿਭਾਗ ਤੋਂ ਐਨ.ਓ.ਸੀ. ਲੈਣ ਉਪਰੰਤ ਟ੍ਰਾਇਲਾਂ ਵਿੱਚ ਲੈ ਸਕਦੇ ਹਨ ਭਾਗ
ਚੰਡੀਗੜ੍ਹ, 27 ਮਾਰਚ:(ਵਿਸ਼ਵ ਵਾਰਤਾ)ਪੰਜਾਬ ਸਰਕਾਰ ਨੇ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਹਫ਼ਤੇ ਦੌਰਾਨ ਮੱਧ ਪ੍ਰਦੇਸ਼ ਵਿਖੇ ਹੋਣ ਵਾਲੀ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਚੈਂਪੀਅਨਸ਼ਿਪ ਵਾਸਤੇ ਸੂਬੇ ਦੀ ਟੀਮ ਦੀ ਚੋਣ ਕਰਨ ਹਿੱਤ ਟ੍ਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ ਰੱਖੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਅਤੇ ਸਪੋਰਟਸ ਬੋਰਡ, ਨਵੀਂ ਦਿੱਲੀ ਵੱਲੋਂ ‘ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਚੈਂਪੀਅਨਸ਼ਿਪ’ 6 ਅਪ੍ਰੈਲ ਤੋਂ 9 ਅਪ੍ਰੈਲ, 2021 ਤੱਕ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭੋਪਾਲ (ਮੱਧ ਪ੍ਰਦੇਸ਼) ਦੇ ਸਪੋਰਟਸ ਐਂਡ ਯੂਥ ਵੈਲਫ਼ੇਅਰ, ਤਾਂਤਿਆ ਟੋਪੇ, ਸਟੇਟ ਸਪੋਰਟਸ ਕੰਪਲੈਕਸ, ਟੀ.ਟੀ. ਨਗਰ ਸਟੇਡੀਅਮ ਵਿਖੇ ਹੋਣ ਵਾਲੀ ਚੈਂਪੀਅਨਸ਼ਿਪ ਲਈ ਟ੍ਰਾਇਲ ਦੇਣ ਵਾਸਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ (ਖਿਡਾਰੀ) 30 ਮਾਰਚ ਨੂੰ ਪੋਲੋ ਗਰਾਊਂਡ, ਪਟਿਆਲਾ ਵਿਖੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਵੇਰੇ 9:00 ਵਜੇ ਪਹੁੰਚਣਾ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ ਚਾਹਵਾਨ ਖਿਡਾਰੀ ਸਰਕਾਰੀ ਅਧਿਕਾਰੀ/ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗ ਤੋਂ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਐਨ.ਓ.ਸੀ. ਪ੍ਰਾਪਤ ਕਰਕੇ ਟ੍ਰਾਇਲਾਂ ਵਿੱਚ ਭਾਗ ਲੈ ਸਕਦੇ ਹਨ।