ਕਾਂਗਰਸੀ ਵਿਧਾਇਕ ਬਰਿੰਦਰਮੀਤ ਪਾਹੜਾ ਤੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ
ਚੰਡੀਗੜ੍ਹ 6 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਵਿਜੀਲੈਂਸ ਦੀ ਰਾਡਾਰ ਤੇ ਆਏ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਵਿਭਾਗ ਵੱਲੋਂ ਤਲਬ ਕੀਤੇ ਜਾਣ ਮਗਰੋਂ ਅੱਜ ਵਿਜੀਲੈਂਸ ਦਫਤਰ ਗੁਰਦਾਸਪੁਰ ਵਿਖੇ ਪੇਸ਼ ਹੋਏ।ਕਾਬਿਲੇਗੌਰ ਹੈ ਕਿ ਵਿਧਾਇਕ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਾਂਗਰਸ ਦੇ ਦਫਤਰ ਵਿਚ ਆਪਣੀ ਸੱਤਾ ਦੀ ਦੁਰਵਰਤੋਂ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਇਸੇ ਦੇ ਆਧਾਰ ਉਤੇ ਵਿਜੀਲੈਂਸ ਨੇ ਉਸ ਨੂੰ ਆਪਣਾ ਪੱਖ ਦੇਣ ਲਈ ਸੱਦਿਆ ਹੈ। ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਵਿਜੀਲੈਂਸ ਵਿਭਾਗ ਦੀ ਇਕ ਚਿੱਠੀ ਵਾਇਰਲ ਹੋਈ ਸੀ, ਜਿਸ ਤਹਿਤ ਵਿਜੀਲੈਂਸ ਵਿਭਾਗ ਵੱਲੋਂ ਬੈਂਕਾਂ ਤੋਂ ਵਿਧਾਇਕ ਤੇ ਉਨ੍ਹਾਂ ਤੇ ਨਜ਼ਦੀਕੀਆਂ ਦੇ ਖਾਤਿਆਂ ਦਾ ਰਿਕਾਰਡ ਮੰਗਿਆ ਗਿਆ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਦਿਨੀਂ ਬੈਂਕ ਦੇ ਮੈਨੇਜਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਉਨ੍ਹਾਂ ਦੇ ਪਰਿਵਾਰ ਸਣੇ 8 ਵਿਅਕਤੀਆਂ ਦੇ ਖਾਤਿਆਂ ਸਬੰਧੀ ਜਾਣਕਾਰੀ ਮੰਗੀ ਸੀ। ਫਿਲਹਾਲ ਪਾਹੜਾ ਕੋਲੋਂ ਵਿਜੀਲੈਂਸ ਦੀ ਪੁੱਛਗਿੱਛ ਜਾਰੀ ਹੈ।