*’ਆਪ’ ਸਰਕਾਰ ਨੇ ਪੰਜਾਬ ‘ਚ 31 ਦਸੰਬਰ 2021 ਤੱਕ ਦੇ ਸਾਰੇ ਬਕਾਇਆ ਘਰੇਲੂ ਬਿਜਲੀ ਬਿੱਲ ਕੀਤੇ ਮੁਆਫ਼*
*-‘ਆਪ’ ਵਿਧਾਇਕ ਚੱਢਾ ਅਨੁਸਾਰ ਲੋਕਾਂ ਦੇ ਵਿੱਤੀ ਬੋਝ ਨੂੰ ਘਟਾਉਣ ਲਈ, ਮੁੱਖ ਮੰਤਰੀ ਮਾਨ ਨੇ ਨਾ ਸਿਰਫ਼ 2 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ, ਬਲਕਿ ਸਾਰੇ ਘਰੇਲੂ ਕੁਨੈਕਸ਼ਨਾਂ ਦੇ ਪੁਰਾਣੇ ਬਿੱਲ ਮੁਆਫ਼ ਕੀਤੇ*
ਚੰਡੀਗੜ੍ਹ, 2 ਜੁਲਾਈ (ਵਿਸ਼ਵ ਵਾਰਤਾ);-ਲੋਕਾਂ ਦੇ ਵਿੱਤੀ ਬੋਝ ਨੂੰ ਘਟਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਹੋਰ ਇਤਿਹਾਸਕ ਫੈਸਲਾ ਲੈਂਦਿਆਂ ਸਾਰੇ ਘਰੇਲੂ ਕਨੈਕਸ਼ਨਾਂ ਦੇ 31 ਦਸੰਬਰ, 2021 ਤੱਕ ਦੇ ਬਕਾਇਆ ਬਿਜਲੀ ਬਿੱਲਾਂ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਲੋਕਾਂ ਵਿੱਚ ਕੁਝ ਉਲਝਣ ਸੀ ਕਿ ਸਿਰਫ਼ 2 ਕਿਲੋਵਾਟ ਤੱਕ ਦੇ ਬਕਾਏ ਹੀ ਮੁਆਫ਼ ਕੀਤੇ ਗਏ ਹਨ, ਪਰ ਮੁੱਖ ਮੰਤਰੀ ਮਾਨ ਨੇ ਆਮ ਲੋਕਾਂ ਦੀਆਂ ਵਿੱਤੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਅਤੇ ਰਾਹਤ ਦੇਣ ਲਈ 31 ਦਸੰਬਰ, 2021 ਤੱਕ ਸਾਰੇ ਕੁਨੈਕਸ਼ਨਾਂ (ਭਾਵੇਂ ਉਹ ਕਿੰਨੇ ਵੀ ਕਿਲੋਵਾਟ ਦਾ ਹੋਏ) ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਗਏ ਹਨ।
ਦਹਾਕਿਆਂ ਤੋਂ ਸਰਕਾਰ ਦੇ ਫੰਡਾਂ ਨਾਲ ਆਪਣੇ ਨਿੱਜੀ ਖਜ਼ਾਨੇ ਭਰਨ ਲਈ ਵਿਰੋਧੀ ਧਿਰ ‘ਤੇ ਹਮਲਾ ਕਰਦਿਆਂ, ‘ਆਪ’ ਵਿਧਾਇਕ ਨੇ ਕਿਹਾ, ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਜਦੋਂ ਕਿ ਪਿਛਲੀ ਸਰਕਾਰ ਨੇ ਸਿਰਫ਼ ਆਮ ਲੋਕਾਂ ਨੂੰ ਲੁੱਟਿਆ ਹੈ।
ਉਹਨਾਂ ਕਿਹਾ ਅਸੀਂ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਰਹੇ ਹਾਂ ਅਤੇ ਹੁਣ ਪੰਜਾਬੀਆਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਵੀ ਮਿਲ ਰਹੀ ਹੈ। ਮੁੱਖ ਮੰਤਰੀ ਮਾਨ ਨੇ ਸਾਰੇ ਘਰਾਂ ਦੇ ਪਿਛਲੇ ਸਾਲ 31 ਦਸੰਬਰ ਤੱਕ ਦੇ ਪੁਰਾਣੇ ਖੜੇ ਬਿਜਲੀ ਬਿੱਲਾਂ ਦੇ ਬਕਾਏ ਵੀ ਮੁਆਫ਼ ਕਰ ਦਿੱਤੇ ਹਨ।
“ਆਪ ਦੀ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ,” ਇਸ ਗੱਲ ਨੂੰ ਦੁਹਰਾਉਂਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਬਾਕੀ ਸਾਰੀਆਂ ਗਾਰੰਟੀਆਂ ਵੀ ਜਲਦ ਹੀ ਪੂਰੀਆਂ ਕੀਤੀਆਂ ਜਾਣਗੀਆਂ।