‘ਆਪ’ ਵਿਧਾਇਕ ਨੇ ਅਨੋਖੇ ਢੰਗ ਨਾਲ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

208
Advertisement


-ਆਉਣ ਵਾਲੇ ਮਹੀਨਿਆਂ ਵਿਚ ਸੁਨਾਮ ਹਲਕੇ ਦੇ ਸਾਰੇ ਲੜਕੀਆਂ ਦੇ ਸਕੂਲਾਂ ਵਿਚ ਬਣਾਏ ਜਾਣਗੇ ਬਾਥਰੂਮ-ਅਮਨ ਅਰੋੜਾ
ਚੰਡੀਗੜ, 8 ਮਾਰਚ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਅਨੋਖੇ ਢੰਗ ਨਾਲ ਮਨਾਉਦਿਆਂ ਸਕੂਲੀ ਬੱਚੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਨਾਮ ਵਿਧਾਨ ਸਭਾ ਦੇ ਪਿੰਡ ਢੱਡਰੀਆਂ ਵਿਖੇ ਬਾਥਰੂਮ ਦਾ ਨੀਂਹ ਪੱਥਰ ਰੱਖਿਆ। ਇਸ ਸਕੂਲ ਵਿਚ ਇਸ ਤੋਂ ਪਹਿਲਾਂ ਲੜਕੀਆਂ ਲਈ ਕੋਈ ਬਾਥਰੂਮ ਦੀ ਸੁਵਿਧਾ ਨਹੀਂ ਸੀ ਅਤੇ ਉਨਾਂ ਨੂੰ ਜਾਂ ਤਾਂ ਖੁਲੇ ਵਿਚ ਜਾਂ ਗੁਆਂਢੀ ਘਰਾਂ ਦੇ ਬਾਥਰੂਮ ਵਰਤਣੇ ਪੈਂਦੇ ਸਨ।
ਇਸ ਮੌਕੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਇਹ ਅਤਿ ਨਿੰਦਣਯੋਗ ਅਤੇ ਦੁਖਦਾਈ ਹੈ ਕਿ ਅਜਾਦੀ ਦੇ 70 ਸਾਲਾ ਤੋਂ ਬਾਅਦ ਵੀ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਲੜਕੀਆਂ ਲਈ ਬਾਥਰੂਮਾਂ ਦੀ ਸੁਵਿਧਾ ਨਹੀਂ ਹੈ। ਉਨਾਂ ਕਿਹਾ ਕਿ ਔਰਤ ਸੰਸਾਰ ਦੀ ਜਨਨੀ ਹੈ ਅਤੇ ਉਸਦੀ ਸੁਰੱਖਿਆ ਸਰਵਉਤਮ ਕਾਰਜ਼ ਹੋਣਾ ਚਾਹੀਦਾ ਹੈ ਪਰੰਤੂ ਪਿਛਲੇ ਸਮੇਂ ਵਿਚ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਹੈ। ਉਨਾਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਔਰਤਾਂ ਦਾ ਇਕ ਗੌਰਵਮਈ ਇਤਿਹਾਸ ਹੈ ਅਤੇ ਸਾਰੇ ਧਾਰਮਿਕ ਗ੍ਰੰਥ ਔਰਤ ਨੂੰ ਸਰਵ ਉਚ ਪੱਦਵੀ ਦਿੰਦੇ ਹਨ। ਸਾਡਾ ਇਹ ਫਰਜ਼ ਬਣਦਾ ਹੈ ਕਿ ਸੂਬੇ ਦੀਆਂ ਬੱਚਿਆਂ ਜੋ ਸਾਡਾ ਭਵਿੱਖ ਹਨ ਉਨਾਂ ਨੂੰ ਸਤਿਕਾਰ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਅੋਰੜਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਐਨ.ਆਰ.ਆਈ ਪਰਿਵਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਨੇ ਸਰਕਾਰੀ ਸਕੂਲਾਂ ਵਿਚ ਬਾਥਰੂਮ ਬਣਾਉਣ ਲਈ ਸਹਾਇਤਾ ਦੀ ਮੰਗ ਕੀਤੀ ਸੀ। ਜਿਸਨੂੰ ਕਿ ਪ੍ਰਵਾਸੀ ਪੰਜਾਬੀ ਸੰਧੂ ਅਤੇ ਗਰੇਵਾਲ ਪਰਿਵਾਰਾਂ ਨੇ ਉਸੇ ਸਮੇਂ ਕਬੂਲਦਿਆਂ ਇਸ ਨੇਕ ਕਾਰਜ਼ ਲਈ ਆਰਥਿਕ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ, ਜਿਸ ਸਹਾਇਤਾ ਨਾਲ ਹੀ ਅੱਜ ਢੱਡਰੀਆਂ ਪਿੰਡ ਵਿਖੇ ਪਹਿਲੇ ਬਾਥਰੂਮ ਦਾ ਨੀਂਹ ਪੱਥਰ ਰੱਖਿਆ ਗਿਆ। ਅਰੋੜਾ ਨੇ ਕਿਹਾ ਕਿ ਇਹ ਹਾਲੇ ਸ਼ੁਰੂਆਤ ਹੈ ਅਤੇ ਆਉਣ ਵਾਲੇ 1-2 ਮਹੀਨਿਆਂ ਵਿਚ ਸੁਨਾਮ ਵਿਧਾਨ ਸਭਾ ਦੇ ਸਾਰੇ ਲੜਕੀਆਂ ਦੇ ਸਕੂਲਾਂ ਵਿਚ ਜਿੱਥੇ ਜਾਂ ਤਾਂ ਬਾਥਰੂਮ ਨਹੀਂ ਹਨ ਜਾਂ ਮਾੜੀ ਹਾਲਤ ਵਿਚ ਹਨ ਦਾ ਨਿਰਮਾਣ ਮੁਕੰਮਲ ਕਰ ਦਿੱਤਾ ਜਾਵੇਗਾ। ਪ੍ਰਵਾਸੀ ਪੰਜਾਬੀ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਅਰੋੜਾ ਨੇ ਕਿਹਾ ਕਿ ਇਹ ਲੰਬੇ ਸਮੇਂ ਤੱਕ ਯਾਦ ਰੱਖੇ ਜਾਣ ਵਾਲਾ ਪੁੰਨ ਦਾ ਕਾਰਜ਼ ਹੈ।
ਸੂਬੇ ਦੇ ਲੋਕਾਂ ਅਤੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕਰਦਿਆਂ ਅਰੋੜਾ ਨੇ ਕਿਹਾ ਕਿ ਲੋਕ ਖੁਦ ਅਜਿਹੇ ਨੇਕ ਕਾਰਜਾਂ ਲਈ ਅਗੇ ਆਉਣ। ਉਨਾਂ ਕਿਹਾ ਕਿ ਪਿਛਲੇ ਸਮੇਂ ਵਿਚ ਸਰਕਾਰਾਂ ਔਰਤਾਂ ਨੂੰ    ਸੁਰੱਖਿਆ ਅਤੇ ਇਜ਼ਤ ਦੇਣ ਵਿਚ ਨਾਕਾਮ ਰਹੀਆਂ ਹਨ ਅਤੇ ਸਮਾਜ ਨੂੰ ਹੀ ਇਸ ਕਾਰਜ ਲਈ ਅੱਗੇ ਆਉਣਾ ਪਵੇਗਾ। ਉਨਾਂ ਕਿਹਾ ਕਿ ਦੇਸ਼ ਵਿਚ ਔਰਤਾਂ ਉਤੇ ਅਤਿਆਚਾਰ ਦੇ ਮਾਮਲੇ ਵੱਧ ਰਹੇ ਹਨ ਅਤੇ ਸਾਡੇ ਅਜਿਹੀਆਂ ਛੋਟੀਆਂ ਛੋਟੀਆਂ ਕੋਸ਼ਿਸਾਂ ਬਦਲਾਅ ਲਿਆ ਸਕਦੀਆਂ ਹਨ।
ਇਸ ਮੌਕੇ ਕਰਮ ਸਿੰਘ ਬਰਾੜ, ਅਜੈਬ ਸਿੰਘ ਸਰਪੰਚ, ਹਰਪ੍ਰੀਤ ਸਿੰਘ ਹੰਜਰਾ, ਐਡਵੋਕੇਟ ਹਰਦੀਪ ਸਿੰਘ ਭਰੂਰ, ਰਾਜ ਸਿੰਘ, ਮੁਕੇਸ ਜੂਨੇਜਾ, ਗੁਰਪ੍ਰੀਤ ਸਿੰਘ ਗੋਪੀ, ਸਾਹਿਬ ਸਿੰਘ, ਕੁਲਦੀਪ ਸਿੰਘ ਫੌਜੀ ਅਤੇ ਰਣਜੀਤ ਸਿੰਘ ਵੀ ਹਾਜਰ ਸਨ।

Advertisement

LEAVE A REPLY

Please enter your comment!
Please enter your name here