13 ਸਥਾਈ ਅਤੇ 8 ਅਸਥਾਈ ਮੈਂਬਰਾਂ ਦੇ ਨਾਮ ਐਲਾਨੇ
ਚੰਡੀਗੜ੍ਹ, 15 ਮਾਰਚ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਨੇ ਅੱਜ ਆਪਣੀ ਸਟੇਟ ਲੀਡਰਸ਼ਿਪ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਪੰਜਾਬ ਦੀ ਆਪਣੀ ਕੋਰ ਕਮੇਟੀ ਦੀ ਮੰਗ ਨੂੰ ਪੂਰਾ ਕਰਦੇ ਹੋਏ 21 ਮੈਂਬਰੀ ਕਮੇਟੀ ਤੇ ਮੋਹਰ ਲੱਗਾ ਦਿੱਤੀ। ਵਰਨਣਯੋਗ ਹੈ ਕਿ ਅਸੈਂਬਲੀ ਚੋਣਾਂ ਤੋਂ ਬਾਅਦ ਹੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਖ਼ੁਦ ਮੁਖਤਾਰੀ ਦੀ ਮੰਗ ਸਮੇਂ ਸਮੇਂ ਸਿਰ ਉੱਠਦੀ ਰਹੀ ਪਰ ਪੰਜਾਬ ਦੇ ਰਾਜਸੀ ਮਾਮਲਿਆਂ ਵਿਚ ਕੇਂਦਰੀ ਲੀਡਰਸ਼ਿਪ ਵੱਲੋਂ ਕੌਮੀ ਪੱਧਰ ਦੇ ਰੁਝੇਵਿਆਂ ਕਾਰਨ ਪੰਜਾਬ ਨੂੰ ਸਮਾਂ ਨਾ ਦੇ ਪਾਉਣ ਕਾਰਨ ਕੋਈ ਫ਼ੈਸਲਾ ਨਾ ਹੋ ਸਕਿਆ। ਗੁਰਦਾਸਪੁਰ ਜ਼ਿਮਨੀ ਚੋਣ ਅਤੇ ਨਗਰ ਨਿਗਮਾਂ ਅਤੇ ਕੌਂਸਲਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪੰਜਾਬ ਮਾਮਲਿਆਂ ਦੇ ਇੰਚਾਰਜ ਵੱਜੋਂ ਨਿਯੁਕਤੀ ਨੇ ਫਿਰ ਤੋਂ ਵਰਕਰਾਂ ਵਿਚ ਨਵੀਂ ਜਾਨ ਫੂਕੀ ਅਤੇ ਰਾਜ ਦੇ ਰਾਜਸੀ ਮਾਮਲਿਆਂ ਬਾਰੇ ਕੋਰ ਕਮੇਟੀ ਦਾ ਅੱਜ ਗਠਨ ਕਰ ਦਿੱਤਾ ਗਿਆ।
ਬੀਤੇ ਦਿਨੀਂ ਸਿਸੋਦੀਆ ਵੱਲੋਂ ਆਪਣੀ ਜਲੰਧਰ ਫੇਰੀ ਦੌਰਾਨ ਅਤੇ ਪਿਛਲੇ ਦਿਨੀਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਦਿੱਲੀ ਅਤੇ ਚੰਡੀਗੜ੍ਹ ਵਿਖੇ ਹੋਈਆਂ ਵਿਸਤਰਿਤ ਮੀਟਿੰਗਾਂ ਦੇ ਦੌਰ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਕੁੱਝ ਠੋਸ ਫ਼ੈਸਲੇ ਲਏ ਜਾਣ ਦੀਆਂ ਚਰਚਾਵਾਂ ਸਨ। ਜਿਸ ਨੂੰ ਆਖੀਰ ਸਟੇਟ ਲੀਡਰਸ਼ਿਪ ਵੱਲੋਂ ਸੁਝਾਏ ਗਏ ਨਾਮਾਂ ਉੱਪਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅੰਤਿਮ ਰੂਪ ਦੇ ਦਿੱਤਾ ਗਿਆ।
ਇਸ ਸੰਬੰਧੀ ਚੰਡੀਗੜ੍ਹ ਵਿਖੇ ਰੱਖੀ ਪ੍ਰੈੱਸ ਕਾਨਫ਼ਰੰਸ ਵਿਚ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਇਸ ਸੰਬੰਧੀ ਪੰਜਾਬ ਪ੍ਰਧਾਨ ਅਤੇ ਭਗਵੰਤ ਮਾਨ ਵੱਲੋਂ ਲਿਸਟ ਜਾਰੀ ਕਰਦੇ ਹੋਏ ਅਰੋੜਾ ਨੇ ਵਿਸ਼ਵਾਸ ਜਤਾਇਆ ਕਿ ਕੋਰ ਕਮੇਟੀ ਦੇ ਗਠਨ ਨਾਲ ਜਿੱਥੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਓਥੇ ਹੀ ਪਾਰਟੀ ਦੇ ਰਾਜਸੀ ਫ਼ੈਸਲੇ ਲੈਣ ਵਿਚ ਵਧੇਰੇ ਸਲਾਹ ਮਸ਼ਵਰੇ, ਆਪਸੀ ਤਾਲਮੇਲ ਅਤੇ ਪਾਰਦਰਸ਼ਤਾ ਆਵੇਗੀ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿਚ 13 ਸਥਾਈ ਮੈਂਬਰਾਂ ਤੋਂ ਇਲਾਵਾ 8 ਅਸਥਾਈ ਮੈਂਬਰ ਵੀ ਹੋਣਗੇ।
ਸਥਾਈ ਮੈਂਬਰਾਂ ਵਿਚ ਸਰਵ ਭਗਵੰਤ ਮਾਨ, ਸੁਖਪਾਲ ਸਿੰਘ ਖੈਰਾ, ਪ੍ਰੋਫੈਸਰ ਸਾਧੂ ਸਿੰਘ, ਕੰਵਰ ਸੰਧੂ, ਬੀਬੀ ਸਰਵਜੀਤ ਕੌਰ ਮਾਣੂਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋਫੈਸਰ ਬਲਜਿੰਦਰ ਕੌਰ, ਗੁਲਸ਼ਨ ਛਾਬੜਾ, ਡਾਕਟਰ ਇੰਦਰਬੀਰ ਸਿੰਘ ਨਿੱਜਰ, ਡਾਕਟਰ ਰਵਜੋਤ ਸਿੰਘ, ਡਾਕਟਰ ਬਲਬੀਰ ਸਿੰਘ, ਮਨਜਿੰਦਰ ਸਿੰਘ ਸਿੱਧੂ ਅਤੇ ਅਮਨ ਅਰੋੜਾ ਹਨ। ਮੈਂਬਰਾਂ ਵਿਚ ਪਾਰਟੀ ਦੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ, ਗੈਰੀ ਵੜਿੰਗ, ਸੁਖਵਿੰਦਰ ਸਿੰਘ ਸੁੱਖੀ, ਕੁਲਦੀਪ ਸਿੰਘ ਧਾਲੀਵਾਲ, ਪਰਮਜੀਤ ਸਚਦੇਵਾ, ਅਨਿਲ ਠਾਕੁਰ , ਗੁਰਦਿੱਤ ਸਿੰਘ ਸੇਖੋਂ ਅਤੇ ਦਲਬੀਰ ਸਿੰਘ ਢਿੱਲੋਂ ਹੋਣਗੇ।
ਇਸ ਤੋਂ ਇਲਾਵਾ ਸ਼ਾਹਕੋਟ ਉਪ ਚੋਣ ਲਈ ਜ਼ੋਨ ਪ੍ਰਧਾਨ ਤੋਂ ਵਰਕਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਅਮਨ ਅਰੋੜਾ ਨੇ ਕਿਹਾ ਕਿ ਆਪਣੇ ਹਲਕੇ ਸੁਨਾਮ ਅਤੇ ਪਾਰਟੀ ਦੇ ਹੋਰ ਸੂਬਾ ਪੱਧਰੀ ਰੁਝੇਵਿਆਂ ਕਰ ਕੇ ਉਨ੍ਹਾਂ ਨੇ ਜਥੇਬੰਦਕ ਢਾਂਚਾ ਬਣਾਉਣ ਦੀ ਜ਼ਿੰਮੇਵਾਰੀ ਤੋਂ ਫ਼ਾਰਗ ਹੋਣ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਅੱਗੋਂ ਤੋਂ ਇਹ ਜ਼ਿੰਮੇਵਾਰੀ ਮੀਤ ਪ੍ਰਧਾਨ ਡਾਕਟਰ ਬਲਬੀਰ ਸਿੰਘ ਨਿਭਾਉਣਗੇ, ਜਿਸ ਨੂੰ ਸਿਸੋਦੀਆ ਅਤੇ ਭਗਵੰਤ ਮਾਨ ਤੋਂ ਸਹਿਮਤੀ ਹਾਸਲ ਹੈ।