ਆਪਣੇ ਕੁਕਰਮਾਂ ਦੇ ਭੇਦ ਖੁੱਲਣ ਡਰੋਂ ਅਕਾਲੀ ਆਗੂ ਜਾਂਚ ਕਮਿਸ਼ਨਾਂ ਤੇ ਉਠਾ ਰਹੇ ਹਨ ਸਵਾਲ : ਸੁਨੀਲ ਜਾਖੜ

768
Advertisement


ਚੰਡੀਗੜ, 16 ਸਤੰਬਰ ( ਵਿਸ਼ਵ ਵਾਰਤਾ) :  ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਜਿਆਦਤੀਆਂ ਅਤੇ ਪਵਿੱਤਰ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਿਵੇਂ ਜਿਵੇਂ ਜਾਂਚ ਅੱਗੇ ਵੱਧ ਰਹੀ ਹੈ, ਸੱਚ ਸਾਹਮਣੇ ਆਉਣ ਦੇ ਡਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਨਿਆਂ ਪ੍ਰਣਾਲੀ ਤੇ ਹੀ ਸਵਾਲ ਚੁੱਕ ਰਹੇ ਹਨ।
ਇਹ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਤੇ ਪ੍ਰਤਿਕ੍ਰਿਆ ਦਿੰਦਿਆਂ ਕਹੀ ਜਿਸ ਵਿਚ ਸ੍ਰ: ਬਾਦਲ ਨੇ ਪਿੱਛਲੇ 10 ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਦੀਆਂ ਜਿਆਦਤੀਆਂ ਦੀ ਜਾਂਚ ਕਰੇ ਰਹੇ ਜਸਟਿਸ ਮਹਿਤਾਬ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰੇ ਰਹੇ ਜਸਟਿਸ ਰਣਜੀਤ ਸਿੰਘ ਤੇ ਹੀ ਉਂਗਲ ਚੁੱਕੀ ਸੀ। ਸ੍ਰੀ ਜਾਖੜ ਨੇ ਕਿਹਾ ਕਿ ਜਿਵੇਂ ਜਿਵੇਂ ਜਾਂਚ ਅੱਗੇ ਵਧ ਰਹੀ ਹੈ ਤਾਂ ਅਕਾਲੀ ਦਲ ਨੂੰ ਡਰ ਸਤਾ ਰਿਹਾ ਹੈ ਕਿ ਉਸਦੇ ਕਾਰਜਕਾਲ ਦੇ ਕੁਕਰਮਾਂ ਦੇ ਭੇਦ ਜਗ ਜਾਹਿਰ ਹੋ ਜਾਣਗੇ। ਉਨਾਂ ਨੇ ਕਿਹਾ ਕਿ ਆਪਣੀ ਬਿੱਲੀ ਥੈਲਿਓ ਬਾਹਰ ਆਉਣ ਦੇ ਡਰੋਂ ਹੀ ਅਕਾਲੀ ਦਲ ਦੇ ਪ੍ਰਧਾਨ ਅਜਿਹੇ ਬੇਤੁਕੇ ਅਤੇ ਹਾਸੋਹੀਣੇ ਬਿਆਨ ਦੇ ਰਹੇ ਹਨ।
ਸ੍ਰੀ ਜਾਖੜ ਨੇ ਆਖਿਆ ਕਿ ਪਿੱਛਲੇ 10 ਸਾਲਾਂ ਦੇ ਆਪਣੇ ਰਾਜ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਆਪਣੇ ਹੀ ਘਰ ਭਰੇ ਹਨ ਅਤੇ ਆਪਣੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਲੋਕਤੰਤਰ ਦਾ ਘਾਣ ਕਰਨ ਦਾ ਕੰਮ ਕੀਤਾ ਸੀ। ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਵਾਲੇ ਕਮਿਸ਼ਨ ਕੋਲ ਇਸ ਸਬੰਧ ਵਿਚ ਹਜਾਰਾਂ ਸ਼ਿਕਾਇਤਾਂ ਪਹੁੰਚੀਆਂ ਹਨ। ਜਿਹਨਾਂ ਦੀ ਜਾਂਚ ਦੌਰਾਨ ਅਕਾਲੀ ਸਰਕਾਰ ਦੀਆਂ ਜਿਆਦਤੀਆਂ ਦਾ ਭੇਦ ਖੁੱਲਦਾ ਵੇਖ ਕੇ ਹੀ ਅਕਾਲੀ ਦਲ ਦੇ ਆਗੂ ਹੁਣ ਅਜਿਹੇ ਗੈਰਲੋਕਤਾਂਤਰਿਕ ਬਿਆਨ ਦੇਣ ਲੱਗੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਿਸੇ ਨਾਲ ਵੀ ਸਿਆਸੀ ਅਧਾਰ ਤੇ ਕੋਈ ਜਿਆਦਤੀ ਨਹੀਂ ਕੀਤੀ ਜਾਂਦੀ ਹੈ। ਪਿੱਛਲੀ ਸਰਕਾਰ ਦੇ ਸਮੇਂ ਵਿਚ ਹੋਏ ਗਲਤ ਕੰਮਾਂ ਦੀ ਜਾਂਚ ਲਈ ਵੀ ਨਿਆਂਇਕ ਕਮਿਸ਼ਨ ਗਠਿਤ ਕੀਤੇ ਗਏ ਹਨ ਤਾਂ ਜੋ ਜਾਂਚ ਪੂਰੀ ਤਰਾਂ ਨਾਲ ਨਿਰਪੱਖ ਹੋਵੇ ਅਤੇ ਜਾਂਚ ਦੌਰਾਨ ਕੋਈ ਸਿਆਸਤ ਨਾ ਹੋਵੇ। ਹੁਣ ਜਦ ਇੰਨਾ ਜਾਂਚ ਕਮਿਸ਼ਨਾਂ ਦੀ ਜਾਂਚ ਪੜਤਾਲ ਆਪਣੇ ਅੰਜਾਮ ਵੱਲ ਵੱਧ ਰਹੀ ਹੈ ਤਾਂ ਹੀ ਅਕਾਲੀ ਦਲ ਨੂੰ ਜਾਪਣ ਲੱਗਾ ਹੈ ਕਿ ਹੁਣ ਉਹਨਾਂ ਨੂੰ ਆਪਣੀ ਪਿੱਛਲੀ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਗਲਤ ਕੰਮਾਂ ਲਈ ਕਾਨੂੰਨ ਸਾਹਮਣੇ ਜੁਆਬਦੇਹ ਹੋਣਾ ਪਵੇਗਾ। ਇਸੇ ਲਈ ਅਕਾਲੀ ਸੱਚ ਸਵਿਕਾਰ ਕਰਨ ਦੀ ਬਜਾਏ ਉਲਟਾ ਅਜਿਹੀ ਬਿਆਨਬਾਜੀ ਕਰਕੇ ਨਿਆਂਇਕ ਪ੍ਰਕ੍ਰਿਆ ਦੀ ਪ੍ਰਤਿਸਠਾ ਤੇ ਹੀ ਸਵਾਲ ਚੁੱਕਣ ਲੱਗੇ ਹਨ। ਸ੍ਰੀ ਜਾਖੜ ਨੇ ਸੱਪਸ਼ਟ ਕੀਤਾ ਕਿ ਅਜਿਹੀ ਬੇਤੁਕੀ ਬਿਆਨਬਾਜੀ ਕਰਕੇ ਵੀ ਸ਼੍ਰੋਮਣੀ ਅਕਾਲੀ ਦਲ ਸੱਚ ਨੂੰ ਪ੍ਰਗਟ ਹੋਣ ਤੋਂ ਰੋਕ ਨਹੀਂ ਸਕਦਾ ਹੈ।

Advertisement

LEAVE A REPLY

Please enter your comment!
Please enter your name here