‘ਆਨ ਫ਼ਾਰਮ ਕੋਲਡ ਰੂਮ’ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਕਿਸਾਨ : ਡਾ. ਪਰਮਜੀਤ ਸਿੰਘ
ਨਵਾਂਸ਼ਹਿਰ, 24 ਨਵੰਬਰ(ਵਿਸ਼ਵ ਵਾਰਤਾ)-ਕਿਸਾਨਾਂ ਨੂੰ ਬਾਗਬਾਨੀ ਫਸਲਾਂ ਦੇ ਮੰਡੀਕਰਨ ਸਮੇਂ ਰੇਟ ਦੇ ਉਤਰਾਅ-ਚੜ੍ਹਾਅ ਕਰਕੇ ਵੇਚਣ ਵਿੱਚ ਕਈ ਵਾਰ ਬਹੁਤ ਸਮੱਸਿਆ ਹੁੰਦੀ ਹੈ, ਜਿਸ ਕਰਕੇ ਬਾਗਬਾਨੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨਾਂ ਨੂੰ ਆਪਣੀ ਉਪਜ ਨੂੰ ਵਸੀਲਿਆਂ ਦੀ ਘਾਟ ਕਾਰਨ ਸਾਂਭ-ਸੰਭਾਲ ’ਚ ਵੀ ਦਿੱਕਤ ਆਉਂਦੀ ਹੈ।
ਇਹ ਪ੍ਰਗਟਾਵਾ ਕਰਦਿਆਂ ਡਾ. ਪਰਮਜੀਤ ਸਿੰਘ ਬਾਗਬਾਨੀ ਵਿਕਾਸ ਅਫ਼ਸਰ-ਕਮ-ਨੋਡਲ ਅਫ਼ਸਰ ਆਲੂ (ਪੰਜਾਬ) ਨੇ ਦੱਸਿਆ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਕਿਸਾਨਾਂ ਨੂੰ ਬਾਗਬਾਨੀ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਦੀ ਉਪਜ ਦਾ ਵੱਧ ਤੋਂ ਵੱਧ ਮੁੱਲ ਦਿਵਾਉਣ ਲਈ ਸਰਕਾਰ ਵੱਲੋਂ ਆਰ.ਕੇ.ਵੀ.ਵਾਈ. ਸਕੀਮ ਅਧੀਨ ਉਨ੍ਹਾਂ ਨੂੰ ਆਪਣੇ ਖੇਤਾਂ ’ਚ ਕੋਲਡ ਰੂਮ ਬਣਾਉਣ ਦੀ ਸੁਵਿਧਾ ਦਿੱਤੀ ਗਈ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਗੁਣਾ 10 ਫੁੱਟ ਦਾ ਕੋਲਡ ਰੂਮ ਬਣਾਉਣ ’ਤੇ ਤਕਰੀਬਨ 3 ਲੱਖ ਖਰਚ ਆਉਂਦਾ ਹੈ, ਜਿਸ ’ਤੇ ਸਕੀਮ ਅਧੀਨ 1.5 ਲੱਖ (50%) ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕੋਲਡ ਰੂਮ ਬਣਾਉਣ ਨਾਲ ਜਦੋਂ ਮੰਡੀ ਵਿੱਚ ਰੇਟ ਘੱਟ ਹੋਵੇਗਾ ਤਾਂ ਜਿਮੀਂਦਾਰ ਸਬਜ਼ੀ ਅਤੇ ਫਲ ਕੋਲਡ ਰੂਮ ਵਿੱਚ ਸਟੋਰ ਕਰ ਸਕਦੇ ਹਨ ਅਤੇ ਜਦੋਂ ਸਬਜ਼ੀਆਂ ਦਾ ਰੇਟ ਵਧੇਗਾ, ਉਸ ਸਮੇਂ ਜਿਮੀਂਦਾਰ ਮੰਡੀ ਵਿੱਚ ਜਾ ਕੇ ਸਬਜ਼ੀ ਅਤੇ ਫਲ ਵੇਚ ਸਕਦੇ ਹਨ। ਅਜਿਹਾ ਕਰਨ ਨਾਲ ਕਿਸਾਨ ਦੀ ਆਮਦਨ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਕਿਸਾਨ ਕੋਲਡ ਰੂਮ ਵਿੱਚ ਤਕਰੀਬਨ 30 ਕੁਇੰਟਲ ਸਬਜ਼ੀ ਅਤੇ ਫਲ ਸਟੋਰ ਕਰ ਸਕਦੇ ਹਨ। ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੀਤੀ ਗਈ ਮੀਟਿੰਗ ਵਿੱਚ ਅਗਾਂਹਵਧੂ ਜਿਮੀਂਦਾਰ ਗੁਰਬਖਸ਼ ਰਾਏ ਹੀਉਂ, ਨਵਜੀਵਨ ਸਿੰਘ ਲਧਾਣਾ ਉੱਚਾ, ਕਰਮਜੀਤ ਸਿੰਘ ਏ.ਐਸ. ਫਰੋਜ਼ਨ ਫੂਡ ਅਤੇ ਅਵਤਾਰ ਸਿੰਘ ਗੁਣਾਚੌਰ ਹਾਜ਼ਰ ਸਨ।