ਆਜੀਵਿਕਾ ਮਿਸ਼ਨ ਨੇ ਲਿੰਗ ਆਧਾਰਿਤ ਹਿੰਸਾ ਵਿਰੁੱਧ ਮਨਾਇਆ ਦਿਹਾੜਾ
ਨਵਾਂਸ਼ਹਿਰ, 6 ਦਸੰਬਰ(ਵਿਸ਼ਵ ਵਾਰਤਾ)-ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਦੇਖ-ਰੇਖ ਵਿੱਚ ਚੱਲ ਰਹੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਿੰਗ ਆਧਾਰਿਤ ਹਿੰਸਾ ਵਿਰੁੱਧ ਜਾਗਰੂਕਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਉਤੇ ਪੁੱਜੇ ਆਜੀਵਿਕਾ ਮਿਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਭਿਸ਼ੇਕ ਜੈਨ ਨੇ ਦੱਸਿਆ ਕਿ ਜੈਂਡਰ ਦੇ ਆਧਾਰ ’ਤੇ ਕਿਸੇ ਦੇ ਨਾਲ ਵੀ ਹਿੰਸਾ ਹੋ ਸਕਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜੈਂਡਰ ਆਧਾਰ ’ਤੇ ਹਿੰਸਾ ਕੇਵਲ ਲੜਕੀਆਂ ਨਾਲ ਹੀ ਹੋਵੇ, ਲੜਕੇ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ। ਇਹ ਮੁਹਿੰਮ ਜੋ ਸਰਕਾਰ ਵੱਲੋਂ 20 ਦਸੰਬਰ ਤੱਕ ਚਲਾਈ ਜਾ ਰਹੀ ਹੈ, ਵਿੱਚ ਇਹੋ ਸੁਨੇਹਾ ਦਿੱਤਾ ਜਾਣਾ ਹੈ ਕਿ ਹਿੰਸਾ ਚਾਹੇ ਕਿਸੇ ਨਾਲ ਹੀ ਹੋਵੇ, ਉਸ ਦਾ ’ਸਹਾਂਗੇ ਨਹੀਂ, ਕਹਾਂਗੇ’ ਦੇ ਨਾਅਰੇ ਦੇ ਆਧਾਰ ’ਤੇ ਖੁੱਲ੍ਹ ਕੇ ਵਿਰੋਧ ਕਰਾਂਗੇ।
ਸਮਾਗਮ ਦੌਰਾਨ ਬਲਾਕ ਇੰਚਾਰਜ ਨੇ ਦੱਸਿਆ ਕਿ ਜੇਕਰ ਕਿਸੇ ਦੇ ਨਾਲ ਲਿੰਗ ਆਧਾਰ ’ਤੇ ਹਿੰਸਾ ਹੁੰਦੀ ਹੈ ਤਾਂ ਉਹ ਸਰਕਾਰ ਵੱਲੋਂ ਜਾਰੀ ਕੀਤੇ ਸਹਾਇਤਾ ਸੰਪਰਕ ਨੰਬਰ 112 ਅਤੇ 1930 ਉੱਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਕੈਂਪ ਵਿੱਚ ਪਹੁੰਚੇ ਹੋਏ ਮੈਂਬਰਾਂ ਨੇ ਲਿੰਗ ਆਧਾਰਿਤ ਹਿੰਸਾ ਦੇ ਵਿਰੁੱਧ ਵਿੱਚ ਆਪਣੇ ਨਿੱਜੀ ਵਿਚਾਰ ਵੀ ਸਾਂਝੇ ਕੀਤੇ ਅਤੇ ਜਾਗਰੂਕ ਰੈਲੀ ਵੀ ਕੱਢੀ। ਇਸ ਮੌਕੇ ਸੰਦੀਪ ਕੁਮਾਰ ਬਲਾਕ ਪ੍ਰੋਜੈਕਟ ਮੈਨੇਜਰ, ਰਾਧਿਕਾ ਬਲਾਕ ਇੰਚਾਰਜ ਨਵਾਂਸ਼ਹਿਰ ਅਤੇ ਇੰਦਰਜੀਤ ਕੌਰ ਬਲਾਕ ਇੰਚਾਰਜ ਬੰਗਾ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਇਹ ਮੁਹਿੰਮ ਪੂਰੇ ਭਾਰਤ ਵਿੱਚ ਆਜੀਵਿਕਾ ਮਿਸ਼ਨ ਤਹਿਤ ਚਲਾਈ ਜਾ ਰਹੀ ਹੈ ਜਿਸ ਵਿੱਚ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰ ਆਪਣੀਆਂ ਮਹਿਲਾ ਗ੍ਰਾਮ ਸੰਗਠਨਾਂ ਅਤੇ ਕਲੱਸਟਰ ਲੈਵਲ ਫੈਡਰੇਸ਼ਨ ਰਾਹੀਂ ਲਿੰਗ ਦੇ ਆਧਾਰ ’ਤੇ ਹਿੰਸਾ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਗੇ।