ਆਈਏਐਸ ਅਪਨੀਤ ਰਿਆਤ ਨੂੰ ਸਦਮਾ,
ਪਿਤਾ ਪ੍ਰੋਫੈਸਰ ਸੀਤਲ ਸਿੰਘ ਰਿਆਤ ਨਹੀਂ ਰਹੇ,ਭੋਗ ਭਲਕੇ 20 ਨੂੰ
ਮਾਨਸਾ, 19 ਮਈ (ਵਿਸ਼ਵ ਵਾਰਤਾ):- ਮਾਨਸਾ ਦੇ ਸਾਬਕਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਪਿਤਾ ਅਤੇ ਪੁਲੀਸ ਅਧਿਕਾਰੀ ਹਰਿੰਦਰ ਸਿੰਘ ਮਾਨ ਦੇ ਸਹੁਰਾ ਪ੍ਰੋ. ਸ਼ੀਤਲ ਸਿੰਘ ਰਿਆਤ (77) ਪਿਛਲੇ ਦਿਨੀਂ ਪ੍ਰਲੋਕ ਸੁਧਾਰ ਸਨ। ਉਨ੍ਹਾਂ ਨਮਿੱਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਭਲਕੇ 20 ਮਈ ਨੂੰ ਦੁਪਹਿਰ ਸਮੇਂ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ, ਸੁਖਚੈਨ ਨਗਰ ਫਗਵਾੜਾ ਵਿਖੇ ਹੋਵੇਗਾ।
“ਖੇਡ ਟੂਰਨਾਮੈਂਟਾਂ ਦਾ ਸ਼ਿੰਗਾਰ-ਪ੍ਰੋ. ਸੀਤਲ ਸਿੰਘ ਰਿਆਤ”
ਪ੍ਰੋ. ਸੀਤਲ ਸਿੰਘ ਰਿਆਤ,ਜੋ ਕਰੀਬ 77 ਸਾਲ ਦੀ ਉਮਰ ਭੋਗ ਕੇ ਸੰਖੇਪ ਬੀਮਾਰੀ ਉਪਰੰਤ 12 ਮਈ ਨੂੰ ਅਕਾਲ ਚਲਾਣਾ ਕਰ ਗਏ ਸੀ, ਖੇਡ ਟੂਰਨਾਮੈਂਟਾਂ ਦਾਂ ਸ਼ਿੰਗਾਰ ਸੀ।ਉਸ ਦਾ ਚਿਹਰਾ ਹਮੇਸ਼ਾ ਟਹਿਕਦਾ ਰਹਿੰਦਾ ਸੀ। ਆਪਣੇ 50 ਸਾਲ ਦੇ ਸਾਥ ਦੌਰਾਨ ਮੈਂ ਉਹਨੂੰ ਕਦੀ ਵੀ ਬਿਨ ਮੁਸਕਾਨ ਦੇ ਨਹੀਂ ਦੇਖਿਆ।
ਉਸ ਦੀਆਂ ਬਹਾਦਰ ਬੇਟੀਆਂ ਡਾ. ਨਵਨੀਤ ਕੌਰ ਅਤੇ ਅਪਨੀਤ ਰਿਆਤ(ਆਈ.ਏ.ਐਸ.) ਨੇ ਨਾਂ ਸਿਰਫ ਆਪਣੇ ਬਾਪ ਦੀ ਰਜ ਕੇ ਸੇਵਾ ਕੀਤੀ ਸਗੋਂ ਉਸ ਦੇ ਚਲਾਣਾ ਕਰਨ ਉਪਰੰਤ ਦਲੇਰੀ ਦਿਖਾਉਂਦਿਆ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿਤਾ ਅਤੇ ਚਿਖਾ ਨੂੰ ਅਗਨੀ ਵੀ ਦਿਖਾਈ!
ਪ੍ਰੋ. ਸੀਤਲ ਸਿੰਘ ਦਾ ਜਨਮ ਪਿੰਡ ਮਾਣਕ,ਬਲਾਕ ਫਗਵਾੜਾ ਵਿਖੇ ਮਾਤਾ ਸ਼੍ਰੀਮਤੀ ਸਵਰਨ ਕੌਰ ਰਿਆਤ ਦੀ ਕੁਖੋਂ ਅਤੇ ਪਿਤਾ ਸ. ਨਿਰਮਲ ਸਿੰਘ ਰਿਆਤ ਦੇ ਘਰ 16 ਮਾਰਚ,1946 ਨੂੰ ਹੋਇਆ।ਮੁਢਲੀ ਸਿਖਿਆ ਇਲਾਕੇ ਦੇ ਸਕੂਲੋਂ, ਗਰੈਜੂਏਸ਼ਨ ਫਗਵਾੜਾ ਅਤੇ ਪੋਸਟ ਗਰੇੈਜੂਏਸ਼ਨ ਜਲੰਧਰ ਦੇ ਕਾਲਜਾਂ ਤੋਂ ਕੀਤੀ।
ਉਹ ਵਾਲੀਬਾਲ ਦੇ ਉਚ-ਕੋਟੀ ਦੇ ਖਿਡਾਰੀ ਸਨ ਅਤੇ ਅੰਤਰ-ਯੂਨੀਵਰਿਸਟੀ ਤਕ ਖੇਡੇ।ਉਹ ਗੁਰੂ ਨਾਨਕ ਕਾਲਜ ਫਗਵਾੜਾ ਵਿਚ 1973 ਤੋਂ 2006 ਤਕ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਰਹੇ(ਡਾਇਰੈਕਟਰ ਇਨ ਫਿਜ਼ੀਕਲ ਐਜੂਕੇਸ਼ਨ)।
ਭਾਵੇਂ ਉਹਨਾਂ ਦੀ ਆਪਣੀ ਖੇਡ ਵਾਲੀਬਾਲ ਸੀ ਪਰ ਉਹਨਾਂ ਕਾਲਜ ਵਿਚ ਇਕ ਨਾਮੀ-ਕਰਾਮੀ ਫੁਟਬਾਲ ਟੀਮ ਤਿਆਰ ਕੀਤੀ।
ਸੇਵਾ-ਮੁਕਤ ਹੋਣ ਉਪਰੰਤ ਉਹ ਜੇ.ਸੀ.ਟੀ. ਫੁਟਬਾਲ ਅਕੈਡਮੀ ਦੇ ਮੈਨੇਜਰ ਬਣੇ।ਉਹ ਅੰਡਰ-21 ਪੰਜਾਬ ਫੁਟਬਾਲ ਟੀਮ ਦੇ ਮੈਨੇਜਰ ਵੀ ਰਹੇ।ਉਹ ਜ਼ਿਲਾ ਪਧਰੀ ਫੁਟਬਾਲ ਐਸੋਸੀਏਸ਼ਨ ਦੇ ਮੈਂਬਰ,ਇੰਟਰਨੈਸ਼ਨਲ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ,ਸਰਕਾਰੀ ਸਕੂਲ ਦੇ ਸਟੇਡੀਅਮ ਵਿਚ ਪ੍ਰੈਕਟਿਸ ਕਰਨ ਵਾਲੀ ਟੀਮ ਦੇ ਟਰੇਨਰ ਅਤੇ ਕੋਚ,ਬਾਹੜਾ ਚੈਰੀਟੇਬਲ ਹਸਪਤਾਲ ਦੇ ਟਰਸਟੀ ਹੋਣ ਸਮੇਤਅਨੇਕਾਂ ਖੇਡ,ਸਮਾਜਕ,ਸਿਖਿਅਕ ਅਤੇ ਸਵੈ-ਸੇਵੀ ਸੰਸਥਾਵਾਂ ਨਾਲ ਸਬੰਧਤ ਰਹੇ।
ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਫਗਵਾੜਾ ਫੁਟਬਾਲ ਕਪ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ 36 ਸਾਲਾਂ ਤੋਂ ਨਗਦ ਇਨਾਮ ਵਾਲੇ ਟੂਰਨਾਮੈਂਟ ਕਰਵਾਏ।ਸਵਰਗਵਾਸੀ ਕੌਮਾਂਤਰੀ ਫੁਟਬਾਲ ਖਿਡਾਰੀ ਅਤੇ ਪੰਜਾਬ ਫੁਟਬਾਲ ਟੀਮਾਂ ਦੇ ਕੋਚ ਜਗੀਰ ਸਿੰਘ ਨਾਲ ਮਿਲ ਕੇ ਪ੍ਰੋ. ਸੀਤਲ ਸਿੰਘ ਨੇ ਅਨੇਕਾਂ ਮੰਨੇ-ਪ੍ਰਮੰਨੇ ਫੁਟਬਾਲ ਖਿਡਾਰੀ ਪੈਦਾ ਕੀਤੇ।
ਉਹਨਾਂ ਨੇ ਫੁਟਬਾਲ ਨਾਲ ਸਬੰਧਤ ਸੈਮੀਨਾਰਾਂ ਵਿਚ ਪੇਪਰ ਵੀ ਪੜ੍ਹੇ ਅਤੇ ਕਈ ਮਾਨ-ਸਨਮਾਨ ਵੀ ਪ੍ਰਾਪਤ ਕੀਤੇ।ਪਲਾਹੀ ਵਿਖੇ ਹੁੰਦੇ ਮਾਘੀ ਫੁਟਬਾਲ ਟੂਰਨਾਮੈਂਟ ਦੇ ਚੌਵੀਵੇਂ ਮੁਕਾਬਲਿਆਂ ਵੇਲੇ ਉਹਨਾਂ ਨੂੰ ਟਰਾਫੀ ਅਤੇ ਸ਼ਾਲ ਨਾਲ ਸਨਮਾਨਤ ਕੀਤਾ ਗਿਆ।
ਉਹ 1983 ਤੋਂ ਮੰਨਣਹਾਨਾ ਵਿਚ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਨਾਲ ਬਾਵਸਤਾ ਰਹੇ।ਕੌਮਾਂਤਰੀ ਕੁਸ਼ਤੀ ਟੀਮ ਦੇ ਸਾਬਕਾ ਕੋਚ ਪੀ.ਆਰ.ਸੋਂਧੀ ਅਨੁਸਾਰ ਪੜਾਅ ਦਰ ਪੜਾ ਬਣੇ ਇਸ ‘ਦੋਹਰੇ ਭਾਰਤ ਕੇਸਰੀ ਕੁਸ਼ਤੀ ਟੂਰਨਾਮੈਂਟ’ ਦੇ ਪ੍ਰਬੰਧਕੀ ਕੰਮ ਕਾਜ ਅਤੇ ਕੁਮੈਂਟਰੀ ਦਾ ਕੰੰਮ ਉਹ ਦਿਲੋ-ਜਾਨ ਨਾਲ ਕਰਦੇ।
ਪ੍ਰੋ. ਸੀਤਲ ਸਿੰਘ ਦੇ ਸਾਥੀ ਅਤੇ ਕੋਮਾਂਤਰੀ ਪ੍ਰਸਿਧੀ ਦੇ ਫੁਟਬਾਲ ਖਿਡਾਰੀ ਅਰਜੁਨਾ ਐਵਾਰਡੀ ਇੰਦਰ ਸਿੰਘ ਅਤੇ ਗੁਰਦੇਵ ਸਿੰਘ ਗਿਲ(ਦੋਵੇਂ ਸਾਬਕਾ ਕੈਪਟਨ ਭਾਰਤੀ ਫੁਟਬਾਲ ਟੀਮ), ਰਾਸ਼ਟਰੀ ਫੁਟਬਾਲ ਟੀਮ ਦੇ ਸਾਬਕਾ ਕੋਚ ਸੁਖਵਿੰਦਰ ਸਿੰਘ ਸੁਖੀ ਸਮੇਤ ਦੇਸ਼ਾਂ ਬਦੇਸ਼ਾਂ ‘ਚੋਂ ਉਹਨਾਂ ਦੇ ਪ੍ਰਸ਼ੰਸਕਾਂ\ਸਿਖਿਆਰਥੀਆਂ ਨੇ ਉਹਨਾਂ ਦੇ ਅਚਾਨਕ ਤੁਰ ਜਾਣ ਤੇ ਗਹਿਰਾ ਦੁਖ ਪ੍ਰਗਟ ਕੀਤਾ ।
ਪ੍ਰੋ. ਸੀਤਲ ਸਿੰਘ ਰਿਆਤ ਦੀ ਸ਼ਾਦੀ ਪ੍ਰੋ. ਮਨਜੀਤ ਕੌਰ ਰਿਆਤ ਨਾਲ 27 ਮਾਰਚ 1977 ਵਿਚ ਹੋਈ।
ਆਪ ਜੀ ਦੀਆਂ ਦੋ ਬੇਟੀਆਂ ਹਨ-ਵਡੀ ਬੇਟੀ ਨਵਨੀਤ ਕੌਰ ਅਤੇ ਉਸ ਦਾ ਪਤੀ ਅਮਿਤ ਤਿਆਗੀ ਡਾਕਟਰ ਹਨ।
ਛੋਟੀ ਬੇਟੀ ਅਪਨੀਤ ਰਿਆਤ ਇਕ ਆਈ.ਏ.ਐਸ. ਅਫਸਰ ਹੈ ਅਤੇ ਉਸ ਦਾ ਪਤੀ ਹਰਿੰਦਰ ਸਿੰਘ ਮਾਨ ਇਕ ਪੁਲਿਸ ਅਫਸਰ ਹੈ।
ਪ੍ਰੋ. ਸੀਤਲ ਸਿੰਘ ਰਿਆਤ ਦੀ ਪਤਨੀ ਪ੍ਰੋ. ਮਨਜੀਤ ਕੌਰ ਰਿਆਤ,ਬੇਟੀਆਂ ਨਵਨੀਤ ਕੌਰ ਅਤੇ ਅਪਨੀਤ ਰਿਆਤ,ਦਾਮਾਦ ਡਾ. ਅਮਿਤ ਤਿਆਗੀ ਅਤੇ ਹਰਿੰਦਰ ਸਿੰਘ ਮਾਨ,ਦੋਹਤਰੇ ਅਧਿਰਾਜ ਤੇ ਅਭੈਰਾਜ ,ਹੋਰ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਉਸ ਦੀ ਆਤਮਿਕ ਸ਼ਾਂਤੀ ਲਈ ਰਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ, ਗੁਰਬਾਣੀ ਕੀਰਤਨ ਅਤੇ ਅੰਤਿਮ ਅਰਦਾਸ 20 ਮਈ ਨੂੰ ਬਾਅਦ ਦੁਪਹਿਰ 12.30 ਤੋਂ 2 ਵਜੇ ਤਕ ਗੁਰਦਵਾਰਾ ਸ਼੍ਰੀ ਸੁਖਚੈਨਆਣਾ ਸਾਹਿਬ,ਸੁਖਚੈਨ ਨਗਰ ਵਿਖੇ ਹੋਣਗੇ।