ਅੰਮ੍ਰਿਤਸਰ ਪੁਲਿਸ ਨੇ 4 ਨਸ਼ਾ ਤਸਕਰ ਕੀਤੇ ਕਾਬੂ
3 ਕਿਲੋ ਹੈਰੋਇਨ ਤੇ 9 ਲੱਖ ਡਰੱਗ ਮਨੀ ਬਰਾਮਦ
ਚੰਡੀਗੜ੍ਹ,12ਦਸੰਬਰ(ਵਿਸ਼ਵ ਵਾਰਤਾ)- ਅੰਮ੍ਰਿਤਸਰ ‘ਚ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਕਿੱਲੋ ਹੈਰੋਇਨ ਅਤੇ 9 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲੀਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਦੋਸ਼ੀਆਂ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਲੋਹਗੜ੍ਹ, ਰਸ਼ਪਾਲ ਸਿੰਘ ਵਾਸੀ ਪਿੰਡ ਹੁਸ਼ਿਆਰ ਨਗਰ, ਗੌਰਵ ਉਰਫ ਕਾਲੀ ਵਾਸੀ ਵਰਿਆਮ ਸਿੰਘ ਕਲੋਨੀ ਅਤੇ ਸਾਹਿਲ ਕੁਮਾਰ ਉਰਫ ਮੰਥਨ ਵਾਸੀ ਦੁਰਗਿਆਣਾ ਅੱਡਾ ਵਜੋਂ ਹੋਈ ਹੈ।