ਚੰਡੀਗੜ•, 4 ਮਾਰਚ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਆਜਾਦ ਸਿਪਾਹੀ’ ਐਲਾਨਨ ਵਾਲੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦਲੀਲ ‘ਤੇ ਹੀ ਉਨ•ਾਂ ਨੂੰ ਘੇਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿੱਚ ਸ੍ਰੀ ਮੋਦੀ ਨੇ ਇਹ ਕਬੂਲ ਕੀਤਾ ਹੈ ਕਿ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਆਜ਼ਾਦ ਅਤੇ ਜ਼ਮਹੂਰੀ ਸੱਭਿਆਚਾਰ ਕਾਇਮ ਹੈ। ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਰਸ਼ਾਏ ਗਏ ਪੰਜਾਬੀਆਂ ਦੇ ਆਤਮਸਨਮਾਨ ਵਾਲੇ ਸੁਤੰਤਰ ਚਰਿੱਤਰ ਨੂੰ ਵੀ ਮਾਨਤਾ ਦਿੱਤੀ ਹੈ।
ਸ੍ਰੀ ਜਾਖੜ ਨੇ ਅੱਜ ਇਥੇ ਜਾਰੀ ਇੱਕ ਬਿਆਨ ਵਿੱਚ ਕਿਹਾ, ”ਇਹ ਮੋਦੀ ਅਧੀਨ ਭਾਰਤੀ ਜਨਤਾ ਪਾਰਟੀ ਵਿੱਚ ਫੈਲੇ ਉਸ ਤਾਨਾਸ਼ਾਹੀ ਸੱਭਿਆਚਾਰ ਦੇ ਬਿਲਕੁਲ ਉਲਟ ਹੈ ਜਿਸ ਤਹਿਤ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਸ੍ਰੀ ਮੁਰਲੀ ਮਨੋਹਰ ਜੋਸ਼ੀ, ਸ੍ਰੀ ਯਸ਼ਵੰਤ ਸਿਨਹਾ ਅਤੇ ਸ੍ਰੀ ਸ਼ਤਰੂਗਨ ਸਿਨਹਾ ਵਰਗੀਆਂ ਬੁਲੰਦ ਅਤੇ ਤਜ਼ਰਬੇਕਾਰ ਆਵਾਜ਼ਾਂ ਨੂੰ ਜਾਂ ਤਾਂ ਖਾਮੋਸ਼ ਕਰ ਦਿੱਤਾ ਗਿਆ ਜਾਂ ਮਾਰਗ ਦਰਸ਼ਕ ਮੰਡਲ ਵਿੱਚ ਧੱਕ ਦਿੱਤਾ ਗਿਆ”।
ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਸਬੰਧੀ ਭਾਜਪਾ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸ੍ਰੀ ਮੋਦੀ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਪੰਜਾਬ ਦੇ ਅਸਲ ਸ਼ੁਭਚਿੰਤਕ ਹਨ ਤਾਂ ਉਨ•ਾਂ ਨੂੰ ਉਸ 31000 ਕਰੋੜ ਰੁਪਏ ਦੀ ਅਦਾਇਗੀ ਕਰਨੀ ਚਾਹੀਦੀ ਹੈ ਜੋ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਨੇ ਕੇਂਦਰ ਦੇ ਖਾਤੇ ਵਿੱਚ ਪਾ ਦਿੱਤੇ ਸਨ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਅੰਨੇਵਾਹ ਨਜ਼ਰਅੰਦਾਜ ਕੀਤਾ ਗਿਆ।
ਇਸੇ ਤਰ•ਾਂ ਉਨ•ਾਂ ਨੇ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਇਆ ਕਿ ਕੇਂਦਰ ਵਿੱਚ ਭਾਜਪਾ ਦੀਆਂ ਸਰਕਾਰਾਂ ਦੌਰਾਨ ਹੀ ਪੰਜਾਬ ਦੀ ਆਰਥਿਕਤਾ ਅਤੇ ਸਨਅਤ ਦੀ ਕੀਮਤ ‘ਤੇ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਦੋ ਵਾਰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦਿੱਤੇ ਗਏ। ਉਨ•ਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਜੇ ਵੀ ਇਨਾਂ ਪੈਕੇਜਾਂ ਦੀ ਮਾਰ ਝੱਲ ਰਹੀ ਹੈ ਜਦੋਂਕਿ ਕੇਂਦਰ ਸਰਕਾਰ ਨੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਪੰਜਾਬ ਦੇ ਸਰਹੱਦੀ ਇਲਾਕਿਆਂ ਲਈ ਕੋਈ ਰਾਹਤ ਪੈਕੇਜ ਮੁਹੱਈਆ ਨਹੀਂ ਕਰਵਾਇਆ।
ਸ੍ਰੀ ਜਾਖੜ ਨੇ ਮੋਦੀ ਸਰਕਾਰ ਵੱਲੋਂ ਭਾਰਤ ਦੀ ਸਰਵਉੱਚ ਅਦਾਲਤ ਅੰਦਰ ਐਸ.ਵਾਈ.ਐਲ ਮੁੱਦੇ ‘ਤੇ ਪੰਜਾਬ ਵਿਰੋਧੀ ਅਤੇ ਹਰਿਆਣਾ ਦੇ ਹੱਕ ਵਿੱਚ ਲਏ ਸਟੈਂਡ ਦਾ ਜਿਕਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2004 ਵਿੱਚ ਹੀ ‘ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ, 2004’ ਕਾਨੂੰਨ ਲਿਆ ਕੇ ਇਸ ਮਾਮਲੇ ਨੂੰ ਵਧੀਆ ਤਰੀਕੇ ਨਾਲ ਹੱਲ ਕਰ ਦਿੱਤਾ ਸੀ।
ਅਮਰਿੰਦਰ ਨੂੰ ‘ਆਜ਼ਾਦ ਸਿਪਾਹੀ’ ਐਲਾਨ ਕੇ ਮੋਦੀ ਨੇ ਕਬੂਲ ਕੀਤਾ ਕਿ ਕਾਂਗਰਸ ਅੰਦਰ ਜ਼ਮਹੂਰੀ ਸੱਭਿਆਚਾਰ ਹੈ-ਜਾਖੜ
Advertisement
Advertisement